ਅਮਰੀਕਾ ਲਈ ਏਅਰ ਇੰਡੀਆ ਨੇ ਸ਼ੁਰੂ ਕੀਤੀ ਸਿੱਧੀ ਉਡਾਣ, ਯਾਤਰੀਆਂ ਨੂੰ ਹੋਵੇਗਾ ਫ਼ਾਇਦਾ

ਅਮਰੀਕਾ ਲਈ ਏਅਰ ਇੰਡੀਆ ਨੇ ਸ਼ੁਰੂ ਕੀਤੀ ਸਿੱਧੀ ਉਡਾਣ, ਯਾਤਰੀਆਂ ਨੂੰ ਹੋਵੇਗਾ ਫ਼ਾਇਦਾ

ਏਅਰ ਇੰਡੀਆ ਨੇ ਅਮਰੀਕਾ ਲਈ ਸਿੱਧੀ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਏਅਰ ਇੰਡੀਆ ਨੇ ਸੋਮਵਾਰ ਨੂੰ ਕਿਹਾ ਕਿ ਉਸ ਦਾ ਫਲੈਗਸ਼ਿਪ ਵਾਈਡ-ਬਾਡੀ ਏਅਰਕ੍ਰਾਫਟ ਏ- 350 ਇਸ ਸਾਲ ਨਵੰਬਰ ਤੋਂ ਅਤਿ-ਲੰਬੀ ਦੂਰੀ ਵਾਲੇ ਰੂਟਾਂ 'ਤੇ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਏਅਰ-ਇੰਡੀਆ ਦੀ ਨਵੀਂ ਸਿੱਧੀ ਫਲਾਈਟ ਦਿੱਲੀ ਤੋਂ ਸ਼ੁਰੂ ਹੋਵੇਗੀ ਅਤੇ ਅਮਰੀਕਾ ਦੇ ਦੋ ਸ਼ਹਿਰਾਂ ਲਈ ਹੋਵੇਗੀ। ਇਹ ਜਹਾਜ਼ ਦਿੱਲੀ-ਨਿਊਯਾਰਕ ਜੇ.ਐਫ.ਕੇ ਉਡਾਣ ਨਾਲ 1 ਨਵੰਬਰ ਤੋਂ ਰੂਟ 'ਤੇ ਸੰਚਾਲਨ ਸ਼ੁਰੂ ਕਰੇਗਾ। ਏਅਰ ਇੰਡੀਆ ਨੇ ਕਿਹਾ ਕਿ 2 ਜਨਵਰੀ, 2025 ਤੋਂ ਏਅਰਲਾਈਨ ਦੀਆਂ ਦਿੱਲੀ-ਨੇਵਾਰਕ ਨਿਊਜਰਸੀ ਦੀਆਂ ਉਡਾਣਾਂ ਵੀ ਏਅਰਬੱਸ ਏ350-900 ਦੁਆਰਾ ਸੰਚਾਲਿਤ ਕੀਤੀਆਂ ਜਾਣਗੀਆਂ। 

ਇਸ ਲਈ ਹੁਣ ਲੱਗਦਾ ਹੈ ਕਿ ਅਮਰੀਕਾ ਤੋਂ ਸਿੱਧੀਆਂ ਉਡਾਣਾਂ ਦੇ ਵੱਧਣ ਨਾਲ ਲੋਕਾਂ ਨੂੰ ਸਫਰ ਕਰਨ 'ਚ ਚੰਗਾ ਫ਼ਾਇਦਾ ਵੀ ਮਿਲੇਗਾ। ਜਾਣਕਾਰੀ ਮੁਤਾਬਕ ਏਅਰਬੱਸ ਏ 350-900 ਜਹਾਜ਼ ਕ੍ਰਮਵਾਰ 1 ਨਵੰਬਰ, 2024 ਅਤੇ 2 ਜਨਵਰੀ, 2025 ਤੋਂ ਦਿੱਲੀ-ਨਿਊਯਾਰਕ ਅਤੇ ਦਿੱਲੀ-ਨੇਵਾਰਕ (ਨਿਊਜਰਸੀ) ਦੇ ਰੂਟਾਂ 'ਤੇ ਕੰਮ ਕਰਨਗੇ। ਏਅਰ ਇੰਡੀਆ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਉਡਾਣਾਂ ਰਾਹੀਂ ਯਾਤਰੀਆਂ ਦਾ ਅਨੁਭਵ ਵੀ ਬਦਲ ਜਾਵੇਗਾ। ਏਅਰਲਾਈਨ ਦੇ ਬਿਆਨ ਅਨੁਸਾਰ ਏ-350 ਨੂੰ ਤਾਇਨਾਤ ਕਰਨ ਨਾਲ ਹੁਣ ਇਸ ਰੂਟ 'ਤੇ ਏਅਰ ਇੰਡੀਆ ਦੇ ਪ੍ਰੀਮੀਅਮ ਇਕਾਨਮੀ ਕਲਾਸ ਦੇ ਤਜ਼ਰਬੇ ਨੂੰ ਵੀ ਹੋਰ ਵਧਾਇਆ ਜਾਵੇਗਾ।