- Updated: January 06, 2024 04:47 PM
ਅਲਾਸਕਾ ਏਅਰਲਾਈਨਜ਼ ਨੇ ਉਡਾਨ ਦੌਰਾਨ ਬੋਇੰਗ 737-9 ਲੜੀ ਦੇ ਇਕ ਜਹਾਜ਼ ਦੀ ਇਕ ਖਿੜੀ ਅਤੇ ਮੁੱਖ ਭਾਗ ਦਾ ਕੁਝ ਹਿੱਸਾ ਨੁਕਸਾਨੇ ਜਾਣ ਤੋਂ ਕੁਝ ਘੰਟੇ ਬਾਅਦ ਇਨ੍ਹਾਂ ਜਹਾਜ਼ਾਂ ਦੇ ਚੱਲਣ ’ਤੇ ਰੋਕ ਲਾ ਦਿਤੀ ਹੈ। ਉਡਾਨ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਇਸ ਦੀ ਇਕ ਖਿੜਕੀ ’ਚ ਤ੍ਰੇੜ ਆਉਣ ਕਾਰਨ ਕੈਬਿਨ ਦੇ ਅੰਦਰ ਦਬਾਅ ਘੱਟ ਗਿਆ। ਇਸ ਤੋਂ ਇਲਾਵਾ ਜਹਾਜ਼ ਦੇ ਮੁੱਖ ਹਿੱਸੇ ਦਾ ਕੁੱਝ ਹਿੱਸਾ ਵੀ ਨੁਕਸਾਨਿਆ ਗਿਆ।
ਉਡਾਣ ਦੇ ਵੇਰਵਿਆਂ ਤੋਂ ਪਤਾ ਲਗਦਾ ਹੈ ਕਿ ਹਾਦਸੇ ਦੇ ਸਮੇਂ ਜਹਾਜ਼ 16,000 ਫੁੱਟ ਦੀ ਉਚਾਈ ’ਤੇ ਪਹੁੰਚ ਗਿਆ ਸੀ। ਇਸ ਨੂੰ ਓਰੇਗਨ ਦੇ ਪੋਰਟਲੈਂਡ ਕੌਮਾਂਤਰੀ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਏਅਰਲਾਈਨ ਨੇ ਕਿਹਾ ਕਿ ਜਹਾਜ਼ ਸੁਰੱਖਿਅਤ ਉਤਰ ਗਿਆ। ਜਹਾਜ਼ ’ਚ 174 ਮੁਸਾਫ਼ਰ ਅਤੇ ਚਾਲਕ ਦਲ ਦੇ 6 ਮੈਂਬਰ ਸਵਾਰ ਸਨ।
ਅਲਾਸਕਾ ਏਅਰਲਾਈਨਜ਼ ਦੇ ਸੀ.ਈ.ਓ. ਬੇਨ ਮਿਨੀਕੁਚੀ ਨੇ ਇਕ ਬਿਆਨ ਵਿਚ ਕਿਹਾ ਕਿ ਉਡਾਣ 1282 ਵਿਚ ਵਾਪਰੀ ਘਟਨਾ ਤੋਂ ਬਾਅਦ ਅਸੀਂ ਸਾਵਧਾਨੀ ਵਜੋਂ 65 ਬੋਇੰਗ 737-9 ਪਰਵਾਰ ਕ ਜਹਾਜ਼ਾਂ ਨੂੰ ਅਸਥਾਈ ਤੌਰ ’ਤੇ ਉਡਾਣ ਭਰਨ ਤੋਂ ਰੋਕ ਦਿਤਾ ਹੈ। ਉਨ੍ਹਾਂ ਕਿਹਾ ਕਿ ਹਰੇਕ ਜਹਾਜ਼ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਅਤੇ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾਵੇਗੀ ਅਤੇ ਫਿਰ ਸੰਚਾਲਨ ’ਚ ਵਾਪਸ ਲਿਆਂਦਾ ਜਾਵੇਗਾ। ਉਸ ਨੇ ਕੁੱਝ ਦਿਨਾਂ ’ਚ ਕੰਮ ਪੂਰਾ ਕਰਨ ਦੀ ਉਮੀਦ ਕੀਤੀ।