- Updated: August 06, 2023 04:51 PM
ਪ੍ਰੀ-ਪ੍ਰਾਇਮਰੀ ਕਲਾਸਾ ਸਰਕਾਰੀ ਸਕੂਲਾਂ ਵਿਚ ਸ਼ੁਰੂ ਕਰ 3 ਤੋਂ 6 ਸਾਲ ਦੇ ਬੱਚਿਆਂ ਦਾ ਦਾਖ਼ਲਾ ਸਰਕਾਰੀ ਸਕੂਲਾਂ ਵਿਚ ਕਰਨ ਦਾ ਫ਼ੈਸਲਾ ਪੰਜਾਬ ਦੀ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਲਿਆ ਗਿਆ ਸੀ ਜਿਸ ਦਾ ਵਿਰੋਧ ਉਦੋਂ ਤੋਂ ਹੀ ਪੰਜਾਬ ਦੀਆ ਆਂਗਣਵਾੜੀ ਵਰਕਰਾਂ ਵਲੋਂ ਕੀਤਾ ਜਾ ਰਿਹਾ ਹੈ।
ਅੱਜ ਇਸੇ ਮਸਲੇ ਨੂੰ ਲੈ ਕੇ ਪੰਜਾਬ ਭਰ ਦੀਆਂ ਆਂਗਣਵਾੜੀ ਵਰਕਰਾਂ ਵਲੋਂ ਆਲ ਪੰਜਾਬ ਆਂਗਣਵਾੜੀ ਵਰਕਰ ਯੂਨੀਅਨ ਦੇ ਝੰਡੇ ਹੇਠ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਫ਼ਰੀਦਕੋਟ ਵਿਚ ਪੰਜਾਬ ਦੀ ਮੌਜੂਦਾ ਸਰਕਾਰ ਵਿਰੁਧ ਵਿਸ਼ਾਲ ਰੋਸ ਧਰਨਾ ਦਿਤਾ ਗਿਆ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬ ਭਰ ਦੀਆਂ ਆਂਗਣਵਾੜੀ ਵਰਕਰਾਂ ਨੇ ਹਿੱਸਾ ਲਿਆ ਅਤੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਉਨ੍ਹਾਂ ਵਲੋਂ ਅੱਜ ਕੈਬਨਿਟ ਮੰਤਰੀ ਬਲਜੀਤ ਕੌਰ ਦੀ ਫ਼ਰੀਦਕੋਟ ਸਥਿਤ ਰਿਹਾਇਸ਼ ਦੇ ਬਾਹਰ ਇਹ ਧਰਨਾ ਦਿਤਾ ਜਾਣਾ ਸੀ ਪਰ ਅਫ਼ਸੋਸ ਦੀ ਗੱਲ ਹੇ ਕਿ ਧਰਨਿਆਂ ਮੁਜ਼ਾਹਰਿਆਂ ਵਿਚੋਂ ਨਿਕਲੀ ਪਾਰਟੀ ਦੀ ਅਗਾਵਈ ਵਾਲੀ ਸਰਕਾਰ ਵਿਚ ਉਨ੍ਹਾਂ ਦਾ ਰੋਸ ਜ਼ਾਹਰ ਕਰਨ ਦਾ ਹੱਕ ਵੀ ਸਰਕਾਰ ਨੇ ਖੋਹ ਲਿਆ ਹੈ।

ਉਨ੍ਹਾਂ ਦਸਿਆ ਕਿ ਦੇਰ ਰਾਤ ਉਨ੍ਹਾਂ ਦਾ ਕੈਬਨਿਟ ਮੰਤਰੀ ਦੀ ਰਿਹਾਇਸ਼ ਬਾਹਰ ਲਗਾਇਅ ਗਿਆ ਟੈਂਟ ਪੁਲਿਸ ਨੇ ਪੁੱਟ ਦਿਤਾ ਸੀ ਜਿਸ ਤੋਂ ਬਾਅਦ ਅੱਜ ਉਨ੍ਹਾਂ ਵਲੋਂ ਇਥੇ ਧਰਨਾ ਦਿਤਾ ਜਾ ਰਿਹਾ। ਜਾਣਕਾਰੀ ਦਿੰਦਿਆਂ ਦਸਿਆ ਕਿ ਉਨ੍ਹਾਂ ਦੀਆਂ ਮੰਗਾਂ ਹਨ ਕਿ ਆਮ ਆਦਮੀ ਪਾਰਟੀ ਨੇ ਸਾਡੇ ਨਾਲ ਵਾਅਦਾ ਕੀਤਾ ਸਨ ਕਿ ਸੂਬੇ ਅੰਦਰ 'ਆਪ' ਦੀ ਸਰਕਾਰ ਬਨਣ 'ਤੇ ਆਂਗਣਵਾੜੀ ਵਰਕਰਾਂ ਦਾ ਮਾਣਭੱਤਾ ਦੁੱਗਣਾ ਕੀਤਾ ਜਾਵੇਗਾ ਪਰ ਸਰਕਾਰ ਨੇ ਡੇਢ ਸਾਲ ਵਿਚ ਸਿਰਫ ਦੋ ਵਾਰ ਮਾਣ ਭੱਤਾ ਹੀ ਜਾਰੀ ਕੀਤਾ ਹੈ ਹੁਣ ਪਿਛਲੇ 10 ਮਹੀਨਿਆ ਤੋਂ ਆਂਗਣਵਾੜੀ ਵਰਕਰਾਂ ਨੂੰ ਮਾਣ ਭੱਤਾ ਜਾਰੀ ਤਾਂ ਕੀ ਕਰਨਾ ਸੀ ਉਲਟਾ ਆਂਗਣਵਾੜੀ ਵਰਕਰਾਂ ਤੋਂ ਬੱਚਿਆਂ ਨੂੰ ਵੰਡਿਆ ਜਾਣ ਵਾਲਾ ਰਾਸ਼ਨ ਵੀ ਖੋਹ ਕੇ ਸਿੱਧਾ ਸਕੂਲਾਂ ਵਿਚ ਭੇਜਣਾ ਸ਼ੁਰੂ ਕਰ ਦਿਤਾ ਹੈ।
ਆਲ ਪੰਜਾਬ ਆਂਗਣਵਾੜੀ ਵਰਕਰ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਦਾ ਕਹਿਣਾ ਹੈ ਕਿ ਪਿਛਲੀ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ 3 ਤੋਂ 6 ਸਾਲ ਦੇ ਬੱਚਿਆਂ ਨੂੰ ਆਂਗਣਵਾੜੀ ਦੀ ਜਗ੍ਹਾ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰ ਉਧਰ ਸ਼ਿਫਟ ਕਰ ਦਿਤਾ ਸੀ ਜਿਸ ਕਾਰਨ ਸੂਬੇ ਦੀਆਂ ਹਜ਼ਾਰਾਂ ਆਂਗਣਵਾੜੀ ਵਰਕਰਾਂ ਦਾ ਭਵਿੱਖ ਖਤਰੇ ਵਿਚ ਪੈ ਗਿਆ ਹੈ।
ਉਨ੍ਹਾਂ ਕਿਹਾ ਕਿ ਅੱਜ ਦਾ ਧਰਨਾ ਇਸੇ ਲਈ ਸਰਕਾਰ ਵਿਰੁੱਧ ਦਿਤਾ ਜਾ ਰਿਹਾ ਹੈ ਕਿ ਸਰਕਾਰ ਆਂਗਣਵਾੜੀ ਵਰਕਰਾਂ ਦਾ ਬਣਦਾ ਮਾਣਭੱਤਾ ਜੋ ਪਿਛਲੇ 10 ਮਹੀਨਿਆ ਤੋਂ ਪੈਂਡਿੰਗ ਪਿਆ ਹੈ ਤੁਰਤ ਜਾਰੀ ਕਰੇ ਅਤੇ 3 ਤੋਂ 6 ਸਾਲ ਦੇ ਬੱਚਿਆਂ ਨੂੰ ਮੁੜ ਤੋਂ ਆਗਣਵਾੜੀਆਂ ਵਿਚ ਭੇਜੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਅਤੇ ਕੋਈ ਰਾਹਤ ਨਾ ਦਿਤੀ ਤਾਂ ਅੱਜ ਤਾਂ ਸ਼ੁਰੂਆਤ ਹੀ ਕੀਤੀ ਹੈ ਅੱਗੇ ਹੋਰ ਵੀ ਤਿੱਖਾ ਸੰਘਰਸ਼ ਸਰਕਾਰ ਖ਼ਿਲਾਫ਼ ਵਿੱਢਿਆ ਜਾਵੇਗਾ।