- Updated: April 20, 2026 08:16 PM
ਅਮਰੀਕਾ ਅਤੇ ਇਰਾਨ ਦਰਮਿਆਨ ਦੂਜੇ ਦੌਰ ਦੀਆਂ ਸ਼ਾਂਤੀ ਵਾਰਤਾਵਾਂ ਦੀਆਂ ਖ਼ਬਰਾਂ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਇਰਾਨ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਵਾਈਟ ਹਾਊਸ ਨੇ ਸੋਸ਼ਲ ਮੀਡੀਆ 'ਤੇ ਟਰੰਪ ਦੀ ਇਕ ਬੇਹੱਦ ਹਮਲਾਵਰ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਗੱਲਬਾਤ ਸਿਰੇ ਨਹੀਂ ਚੜ੍ਹਦੀ ਤਾਂ ਉਹ ਜੰਗ ਲਈ ਪੂਰੀ ਤਰ੍ਹਾਂ ਤਿਆਰ ਹਨ।
'ਲੌਕਡ ਇਨ ਮੋਡ' ਐਕਟੀਵੇਟ
ਵਾਈਟ ਹਾਊਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਟਰੰਪ ਦੀ ਤਸਵੀਰ ਪੋਸਟ ਕਰਦਿਆਂ ਕੈਪਸ਼ਨ ਵਿੱਚ ਲਿਖਿਆ, "ਲੌਕਡ ਇਨ ਮੋਡ: ਐਕਟੀਵੇਟਿਡ? ਅੱਜ ਸੋਮਵਾਰ ਹੈ। ਕੋਈ ਬਹਾਨਾ ਨਹੀਂ। ਬੱਸ ਜਿੱਤ?"। ਇਸ ਤੋਂ ਪਹਿਲਾਂ ਟਰੰਪ ਨੇ ਇਰਾਨ 'ਤੇ ਜੰਗਬੰਦੀ ਦੇ ਸਮਝੌਤੇ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਰਾਨ ਨੇ ਸਟ੍ਰੇਟ ਆਫ ਹੋਰਮੁਜ਼ ਵਿੱਚ ਬ੍ਰਿਟੇਨ ਅਤੇ ਫਰਾਂਸ ਦੇ ਜਹਾਜ਼ਾਂ 'ਤੇ ਗੋਲੀਬਾਰੀ ਕੀਤੀ ਹੈ। ਟਰੰਪ ਨੇ ਤੰਜ ਕਸਦਿਆਂ ਕਿਹਾ ਕਿ ਅਮਰੀਕੀ ਨਾਕਾਬੰਦੀ ਕਾਰਨ ਇਰਾਨ ਨੂੰ ਰੋਜ਼ਾਨਾ 500 ਮਿਲੀਅਨ ਡਾਲਰ ਦਾ ਨੁਕਸਾਨ ਹੋ ਰਿਹਾ ਹੈ।
ਬਿਜਲੀ ਘਰ ਤੇ ਪੁਲ ਉਡਾਉਣ ਦੀ ਧਮਕੀ
ਟਰੰਪ ਨੇ ਇਰਾਨ ਦੇ ਸਾਹਮਣੇ ਇਕ 'ਵਾਜਬ ਸੌਦਾ' (Fair Deal) ਰੱਖਿਆ ਹੈ। ਉਨ੍ਹਾਂ ਸਿੱਧੇ ਲਹਿਜੇ ਵਿੱਚ ਧਮਕੀ ਦਿੱਤੀ ਕਿ ਜੇਕਰ ਇਰਾਨ ਨੇ ਇਹ ਸੌਦਾ ਸਵੀਕਾਰ ਨਹੀਂ ਕੀਤਾ, ਤਾਂ ਅਮਰੀਕਾ ਇਰਾਨ ਦੇ ਹਰ ਬਿਜਲੀ ਘਰ ਅਤੇ ਪੁਲ ਨੂੰ ਤਬਾਹ ਕਰ ਦੇਵੇਗਾ। ਟਰੰਪ ਨੇ ਹਮਲਾਵਰ ਰੁਖ ਅਪਣਾਉਂਦੇ ਹੋਏ ਕਿਹਾ ਕਿ ਹੁਣ 'ਇਰਾਨ ਦੀ ਕਿਲਿੰਗ ਮਸ਼ੀਨ' ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ।
ਵਾਰਤਾ 'ਤੇ ਸਸਪੈਂਸ ਬਰਕਰਾਰ
ਇਕ ਪਾਸੇ ਅਮਰੀਕੀ ਰਾਸ਼ਟਰਪਤੀ ਦਾ ਦਾਅਵਾ ਹੈ ਕਿ ਅਮਰੀਕੀ ਵਫ਼ਦ ਸੋਮਵਾਰ ਨੂੰ ਵਾਰਤਾ ਲਈ ਇਸਲਾਮਾਬਾਦ ਪਹੁੰਚ ਰਿਹਾ ਹੈ, ਉਥੇ ਹੀ ਦੂਜੇ ਪਾਸੇ ਇਰਾਨ ਨੇ ਸਾਫ਼ ਕਹਿ ਦਿੱਤਾ ਹੈ ਕਿ ਉਸ ਦਾ ਕੋਈ ਵੀ ਵਫ਼ਦ ਗੱਲਬਾਤ ਲਈ ਨਹੀਂ ਜਾਵੇਗਾ। ਇਸ ਦੌਰਾਨ ਪਾਕਿਸਤਾਨ ਨੇ ਸ਼ਾਂਤੀ ਵਾਰਤਾ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਇਸਲਾਮਾਬਾਦ ਨੂੰ 'ਰੇਡ ਜ਼ੋਨ' ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਇਰਾਨੀ ਰਾਜਦੂਤ ਨਾਲ ਮੁਲਾਕਾਤ ਕਰਕੇ ਤਣਾਅ ਘਟਾਉਣ ਦੇ ਰਸਤੇ ਲੱਭਣ 'ਤੇ ਚਰਚਾ ਕੀਤੀ ਹੈ।