ਅੰਮ੍ਰਿਤਧਾਰੀ ਸਿੱਖ ਦੀ ਉਤਾਰੀ ਪੱਗ ਨਾਲੇ 15 ਨੌਜਵਾਨਾਂ ਨੇ ਕੀਤੀ ਦੁਕਾਨ ਦੀ ਭੰਨਤੋੜ 

ਅੰਮ੍ਰਿਤਧਾਰੀ ਸਿੱਖ ਦੀ ਉਤਾਰੀ ਪੱਗ ਨਾਲੇ 15 ਨੌਜਵਾਨਾਂ ਨੇ ਕੀਤੀ ਦੁਕਾਨ ਦੀ ਭੰਨਤੋੜ 

ਅੰਮ੍ਰਿਤਸਰ ਦੇ ਦਿਹਾਤੀ ਇਲਾਕੇ 'ਚ ਨਿੱਜੀ ਰੰਜਿਸ਼ ਕਾਰਨ ਬਜ਼ੁਰਗ ਵਿਅਕਤੀ ਦੀ ਪੱਗ ਲਾਹੁਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲਖਬੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨੂੰ ਵਿਆਹ ਲਈ ਛੱਡ ਕੇ ਆਇਆ ਸੀ। ਵਾਪਸ ਆ ਕੇ ਉਹ ਆਪਣੀ ਦੁਕਾਨ 'ਤੇ ਬੈਠਾ ਹੀ ਸੀ। ਜਿੱਥੇ ਕਰੀਬ 15 ਨੌਜਵਾਨਾਂ ਨੇ ਆ ਕੇ ਉਸ 'ਤੇ ਹਮਲਾ ਕਰ ਦਿੱਤਾ।  

ਮੁਲਜ਼ਮ ਗੁਰਦੇਵ ਸਿੰਘ ਨੇ ਉਸ ਦੀ ਪੂਰੀ ਦੁਕਾਨ ਦੀ ਭੰਨ-ਤੋੜ ਕੀਤੀ ਅਤੇ ਉਸ ਦੀ ਪੱਗ ਵੀ ਉਤਾਰ ਦਿੱਤੀ। ਲਖਬੀਰ ਸਿੰਘ ਨੇ ਕਿਹਾ ਕਿ ਮੁਲਜ਼ਮ ‘ਆਪ’ ਸਿਆਸੀ ਪਾਰਟੀ ਨਾਲ ਸਬੰਧਤ ਹੈ, ਇਸ ਲਈ ਉਸ ਨੂੰ ਕਿਸੇ ਦਾ ਡਰ ਨਹੀਂ ਹੈ। ਉਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਦੇ ਕੇਸ-ਕੰਘੇ ਦੀ ਵੀ ਬੇਅਦਬੀ ਕੀਤੀ। ਪੀੜਤ ਲਖਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਦੀ ਪੱਗ ਨੂੰ ਨੁਕਸਾਨ ਪਹੁੰਚਾ ਕੇ ਬੇਅਦਬੀ ਕੀਤੀ ਹੈ। ਇਸ ਲਈ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਇਸ ਮਾਮਲੇ ਵਿਚ ਦਖ਼ਲ ਦੇਣ ਦੀ ਮੰਗ ਕੀਤੀ ਗਈ ਹੈ। 

ਇਸ ਮਾਮਲੇ ਵਿਚ ਗੁਰਦੇਵ ਸਿੰਘ ਨੇ ਇਹ ਵੀ ਦੋਸ਼ ਲਾਇਆ ਕਿ ਪੈਲੇਸ ਵਿਚ ਵਿਆਹ ਦੌਰਾਨ ਲਖਬੀਰ ਸਿੰਘ ਨੇ ਪਹਿਲਾਂ ਝਗੜਾ ਕੀਤਾ ਅਤੇ ਉਸ ਦੀ ਪੱਗ ਲਾਹ ਦਿੱਤੀ। ਇਸ ਤੋਂ ਬਾਅਦ ਉਹ ਚੁੱਪਚਾਪ ਘਰ ਆ ਗਿਆ ਅਤੇ ਥਾਣਾ ਲਾਪੋਕੇ ਵਿਖੇ ਕੇਸ ਦਰਜ ਕਰਵਾ ਦਿੱਤਾ। ਲਖਬੀਰ ਸਿੰਘ ਦੇ ਬਿਆਨਾਂ ’ਤੇ ਥਾਣਾ ਬਚੀਵਿੰਡ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਧੜਿਆਂ ਦੀਆਂ ਸ਼ਿਕਾਇਤਾਂ ਉਨ੍ਹਾਂ ਕੋਲ ਆਈਆਂ ਹਨ ਅਤੇ ਉਹ ਮਾਮਲਾ ਦਰਜ ਕਰ ਕੇ ਜਾਂਚ ਕਰ ਰਹੇ ਹਨ। ਸੀਸੀਟੀਵੀ ਵੀਡੀਓ ਦੇ ਆਧਾਰ 'ਤੇ ਪਤਾ ਲੱਗੇਗਾ ਕਿ ਕਿਸ ਦਾ ਕਸੂਰ ਹੈ।