ਅੰਕਿਤਾ ਭੰਡਾਰੀ ਕਤਲ ਮਾਮਲੇ ''ਚ ਭਾਜਪਾ ਨੇਤਾ ਦੇ ਪੁੱਤਰ ਪੁਲਕਿਤ ਸਮੇਤ 3 ਨੂੰ ਉਮਰ ਕੈਦ ਦੀ ਸਜ਼ਾ

ਅੰਕਿਤਾ ਭੰਡਾਰੀ ਕਤਲ ਮਾਮਲੇ ''ਚ ਭਾਜਪਾ ਨੇਤਾ ਦੇ ਪੁੱਤਰ ਪੁਲਕਿਤ ਸਮੇਤ 3 ਨੂੰ ਉਮਰ ਕੈਦ ਦੀ ਸਜ਼ਾ

ਦੇਵਭੂਮੀ ਉਤਰਾਖੰਡ ਦੇ ਮਸ਼ਹੂਰ ਅੰਕਿਤਾ ਭੰਡਾਰੀ ਕਤਲ ਕੇਸ ਵਿੱਚ ਅਦਾਲਤ ਦਾ ਫੈਸਲਾ ਆ ਗਿਆ ਹੈ। ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦੇ ਕੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ।  ਉਤਰਾਖੰਡ ਦੇ ਕੋਟਦੁਆਰ ਵਿੱਚ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਦਾਲਤ ਵਿੱਚ ਅੰਕਿਤਾ ਕਤਲ ਕੇਸ ਵਿੱਚ ਤਿੰਨ ਮੁਲਜ਼ਮਾਂ - ਪੁਲਕਿਤ ਆਰੀਆ, ਸੌਰਭ ਭਾਸਕਰ ਅਤੇ ਅੰਕਿਤ ਗੁਪਤਾ ਨੂੰ ਦੋਸ਼ੀ ਪਾਇਆ ਗਿਆ ਤੇ ਉਮਰ ਕੈਦ ਦੀ ਸਜ਼ਾ ਸੁਣਾਈ।

19 ਸਾਲਾ ਅੰਕਿਤਾ, ਜੋ ਕਿ ਰਿਸ਼ੀਕੇਸ਼ ਨੇੜੇ ਵੰਤਾਰਾ ਰਿਜ਼ੋਰਟ ਵਿੱਚ ਰਿਸੈਪਸ਼ਨਿਸਟ ਵਜੋਂ ਕੰਮ ਕਰਦੀ ਸੀ, 18 ਸਤੰਬਰ 2022 ਨੂੰ ਅਚਾਨਕ ਗਾਇਬ ਹੋ ਗਈ। ਪੰਜ ਦਿਨਾਂ ਬਾਅਦ, 24 ਸਤੰਬਰ ਨੂੰ, ਅੰਕਿਤਾ ਦੀ ਲਾਸ਼ ਰਿਸ਼ੀਕੇਸ਼ ਨੇੜੇ ਚਿੱਲਾ ਨਹਿਰ ਤੋਂ ਬਰਾਮਦ ਹੋਈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ, ਰਿਜ਼ੋਰਟ ਦੇ ਮਾਲਕ ਪੁਲਕਿਤ ਆਰੀਆ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ।

ਜਦੋਂ ਮਾਮਲੇ ਦੀ ਜਾਂਚ ਸ਼ੁਰੂ ਹੋਈ, ਤਾਂ ਅੰਕਿਤਾ ਨੂੰ ਗਾਇਬ ਕਰਨ, ਉਸਦੀ ਹੱਤਿਆ ਕਰਨ ਅਤੇ ਲਾਸ਼ ਨੂੰ ਨਹਿਰ ਵਿੱਚ ਸੁੱਟਣ ਵਿੱਚ ਪੁਲਕਿਤ ਆਰੀਆ ਅਤੇ ਉਸਦੇ ਦੋ ਸਾਥੀਆਂ ਦੀ ਸ਼ਮੂਲੀਅਤ ਸਾਹਮਣੇ ਆਈ। ਸ਼ੁਰੂਆਤੀ ਜਾਂਚ ਵਿੱਚ ਅਜਿਹੇ ਤੱਥ ਸਾਹਮਣੇ ਆਏ, ਜਿਨ੍ਹਾਂ ਨੇ ਔਰਤਾਂ ਦੀ ਸੁਰੱਖਿਆ ਅਤੇ ਸਤਿਕਾਰ 'ਤੇ ਸਵਾਲ ਖੜ੍ਹੇ ਕੀਤੇ। ਇਹ ਖੁਲਾਸਾ ਹੋਇਆ ਕਿ ਰਿਜ਼ੋਰਟ ਵਿੱਚ ਕੰਮ ਕਰਦੇ ਸਮੇਂ, ਅੰਕਿਤਾ ਨੂੰ ਰਿਜ਼ੋਰਟ ਦੇ ਮਾਲਕ ਪੁਲਕਿਤ ਆਰੀਆ ਨੇ ਉੱਥੇ 'ਵੀਆਈਪੀ' ਮਹਿਮਾਨ ਨੂੰ 'ਵਾਧੂ ਸੇਵਾ' ਦੇਣ ਲਈ ਮਜਬੂਰ ਕੀਤਾ ਸੀ। ਅੰਕਿਤਾ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਹੀ ਵਿਵਾਦ ਸ਼ੁਰੂ ਹੋਇਆ।