ਇਕ ਹੋਰ ਪੰਜਾਬੀ ਕੈਨੇਡਾ ’ਚ ਜਬਰੀ ਵਸੂਲੀ ਮਾਮਲੇ ’ਚ ਗ੍ਰਿਫ਼ਤਾਰ

ਇਕ ਹੋਰ ਪੰਜਾਬੀ ਕੈਨੇਡਾ ’ਚ ਜਬਰੀ ਵਸੂਲੀ ਮਾਮਲੇ ’ਚ ਗ੍ਰਿਫ਼ਤਾਰ

ਕੈਨੇਡਾ ’ਚ ਇਕ ਹੋਰ ਪੰਜਾਬੀ ਨੌਜਵਾਨ ਨੂੰ ਜਬਰੀ ਵਸੂਲੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੂੰ ਛੇਤੀ ਹੀ ਹੁਣ ਡਿਪੋਰਟ ਕੀਤਾ ਜਾਵੇਗਾ। ਮੁਲਜ਼ਮ ਦਾ ਨਾਂਅ ਜਸਕਰਨ ਸਰੋਏ ਹੈ, ਜਿਸ ਦੀ ਉਮਰ 27 ਸਾਲ ਹੈ। ਜਸਕਰਨ ’ਤੇ 13 ਅਪ੍ਰੈਲ, 2026 ਨੂੰ ਸਵੇਰੇ ਇਕ ਘਰ 'ਤੇ ਗੋਲੀਬਾਰੀ ਕਰਨ ਦਾ ਦੋਸ਼ ਹੈ ਜੋ ਫ਼ਿਰੌਤੀ ਦੇ ਮਕਸਦ ਨਾਲ ਕੀਤੀ ਗਈ ਸੀ। ਹਾਲਾਂਕਿ ਇਸ ਗੋਲੀਬਾਰੀ ਵਿਚ ਜਾਨੀ ਨੁਕਾਸਨ ਤੋਂ ਬਚਾਅ ਰਿਹਾ ਸੀ।

ਸਰੀ ਪੁਲਿਸ ਨੇ ਉਸ ’ਤੇ ਅਪਰਾਧ ਕੋਡ ਤਹਿਤ ਮਾਮਲਾ ਦਰਜ ਕੀਤਾ ਹੈ। ਇਕ ਵਾਹਨ ਦੀ ਪਛਾਣ ਕਰਨ ਮਗਰੋਂ ਐਸਪੀਐਸ ਦੀ ਐਕਸਟੋਰਸ਼ਨ ਰਿਸਪਾਂਸ ਟੀਮ ਨੇ ਵਾਰੰਟ ਹਾਸਲ ਕੀਤਾ ਜਿਸ ਮਗਰੋਂ ਲੋਅਰ ਮੇਨਲੈਂਡ ਡਿਸਟ੍ਰਿਕਟ ਐਮਰਜੈਂਸੀ ਰਿਸਪਾਂਸ ਟੀਮ ਅਤੇ ਹੋਰ ਐਸਪੀਐਸ ਟੀਮਾਂ ਦੀ ਸਹਾਇਤਾ ਨਾਲ ਇਕ ਘਰ 'ਤੇ ਛਾਪਾ ਮਾਰਿਆ ਗਿਆ। ਇਸ ਕਾਰਵਾਈ ਦਰਮਿਆਨ ਜਸਕਰਨ ਸਰੋਏ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਉਸ ਨੂੰ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ ਅਤੇ ਜ਼ਮਾਨਤ ਦੀ ਸੁਣਵਾਈ ਦੀ ਉਡੀਕ ਕੀਤੀ ਜਾ ਰਹੀ ਹੈ। ਅਦਾਲਤ ਵਿਚ 12 ਮਈ ਨੂੰ ਸੁਣਵਾਈ ਹੋਵੇਗੀ। ਜਾਂਚ ਅਧਿਕਾਰੀ ਮੁਤਾਬਿਕ ਜਸਕਰਨ ਸਰੋਏ ਵਿਦੇਸ਼ੀ ਨਾਗਰਿਕ ਹੈ, ਉਸ ਦਾ ਕੈਨੇਡਾ ਵਿਚ ਕੋਈ ਕਾਨੂੰਨੀ ਦਰਜਾ ਨਹੀਂ ਹੈ।