- Updated: June 05, 2025 02:52 PM
ਵਿਧਾਇਕ ਰਮਨ ਅਰੋੜਾ ਦੀ ਕਮਾਈ ਦੇ ਕਿੱਸੇ ਸਮੁੰਦਰ ਤੋਂ ਵੀ ਡੂੰਘੇ ਨਿਕਲਦੇ ਜਾ ਰਹੇ ਹਨ। ਅਜਿਹਾ ਕੋਈ ਵਪਾਰ ਨਹੀਂ, ਜਿਸ ਵਿਚ ਰਮਨ ਅਰੋੜਾ ਦਾ ਦਖ਼ਲ ਨਾ ਹੋਵੇ। ਮਾਮਲਾ ਹੁਣ ਫਿਰ ਤੋਂ ਪ੍ਰਾਪਰਟੀਜ਼ ਦੇ ਨਾਲ ਜੁੜਿਆ ਨਿਕਲਿਆ ਹੈ। ਰਮਨ ਅਰੋੜਾ ਰਿਹਾਇਸ਼ੀ ਪ੍ਰਾਪਰਟੀਜ਼ ਨੂੰ ਕਮਰਸ਼ੀਅਲ ਪ੍ਰਾਪਰਟੀਜ਼ ਵਿਚ ਮਰਜ ਕਰਕੇ ਕਰੋੜਾਂ ਰੁਪਏ ਕਮਾ ਚੁੱਕਾ ਹੈ। ਇਸ ਦੀ ਉਦਾਹਰਣ ਨਾਜ਼ ਸਿਨੇਮਾ ਦੀ ਪ੍ਰਾਪਰਟੀ ਹੈ।
ਰਮਨ ਅਰੋੜਾ ਨੇ ਨਾਜ਼ ਸਿਨੇਮਾ ਨਾਲ ਲੱਗਦੇ ਘਰ ਨੂੰ ਖ਼ਰੀਦ ਕੇ ਸਿਨੇਮੇ ਵਿਚ ਮਿਲਾ ਲਿਆ। ਉਸ ਘਰ ਨੂੰ ਤੋੜ ਕੇ ਫਿਰ ਦੁਕਾਨਾਂ ਬਣਾ ਦਿੱਤੀਆਂ। ਦੁਕਾਨਾਂ ਉੱਪਰ ਵੀ ਲੈਂਟਰ ਪਾ ਕੇ ਸ਼ੋਅਰੂਮ ਬਣਾ ਦਿੱਤੇ। ਨਿਯਮਾਂ ਅਨੁਸਾਰ ਜੇਕਰ ਇਕ ਇਮਾਰਤ ਦਾ ਪ੍ਰਾਜੈਕਟ ਪਾਸ ਹੋ ਗਿਆ ਤਾਂ ਉਸ ਵਿਚ ਆਸ-ਪਾਸ ਦੀ ਪ੍ਰਾਪਰਟੀ ਮਰਜ ਕਰਨ ਤੋਂ ਪਹਿਲਾਂ ਦੋਬਾਰਾ ਫਾਈਲ ਜਮ੍ਹਾ ਕਰਨੀ ਹੁੰਦੀ ਹੈ। ਨਕਸ਼ੇ ਤੋਂ ਲੈ ਕੇ ਸੀ. ਐੱਲ. ਯੂ. ਲੈਣਾ ਪੈਂਦਾ ਹੈ ਪਰ ਵਿਧਾਇਕ ਨੇ ਮਿਲੀਭੁਗਤ ਨਾਲ ਅਜਿਹਾ ਕੁਝ ਨਹੀਂ ਹੋਣ ਦਿੱਤਾ ਅਤੇ ਸਾਰੇ ਨਿਯਮਾਂ ਨੂੰ ਛਿੱਕੇ ’ਤੇ ਟੰਗ ਕੇ ਨਾਜਾਇਜ਼ ਤਰੀਕੇ ਨਾਲ 7 ਦੁਕਾਨਾਂ ਬਣਾ ਦਿੱਤੀਆਂ।
ਇੰਨਾ ਹੀ ਨਹੀਂ ਵਿਧਾਇਕ ਨੇ ਸੜਕ ਤਕ ਦਾ ਰਸਤਾ ਸਿਨੇਮਾ ਦੀ ਪ੍ਰਾਪਰਟੀ ਵਿਚੋਂ ਦੇ ਦਿੱਤਾ। ਸੂਤਰਾਂ ਦੀ ਮੰਨੀਏ ਤਾਂ ਇਕ ਦੁਕਾਨ ਵਿਧਾਇਕ ਨੇ ਇਕ ਕਰੋੜ ਦੇ ਆਸ-ਪਾਸ ਦੀ ਕੀਮਤ ’ਤੇ ਵੇਚੀ ਹੈ। ਹੈਰਾਨੀ ਦੀ ਗੱਲ ਹੈ ਕਿ ਵਿਧਾਇਕ ਦੀ ਗ੍ਰਿਫ਼ਤਾਰੀ ਹੋਣ ਦੇ ਬਾਵਜੂਦ ਉਕਤ ਪ੍ਰਾਪਰਟੀ ਨੂੰ ਨਾ ਹੀ ਸੀਲ ਕੀਤਾ ਗਿਆ ਅਤੇ ਨਾ ਹੀ ਉਸ ’ਤੇ ਪੀਲਾ ਪੰਜਾ ਚਲਾਇਆ। ਕਿਤੇ ਰਮਨ ਅਰੋੜਾ ਜੇਲ ਵਿਚੋਂ ਵੀ ਵਿਧਾਇਕੀ ਦਾ ਜ਼ੋਰ ਤਾਂ ਨਹੀਂ ਵਿਖਾ ਰਹੇ? ਦੱਸ ਦੇਈਏ ਕਿ ਵਿਧਾਇਕ ਦੇ ਸੈਂਟਰਲ ਹਲਕੇ ਵਿਚ ਆਉਣ ਵਾਲੇ ਪਾਰਕ ਵਾਲੇ ਕਾਂਡ ਵੀ ਜਲਦ ਸਾਹਮਣੇ ਰੱਖੇ ਜਾਣਗੇ।
ਵਿਧਾਇਕ ਰਮਨ ਅਰੋੜਾ ਨੇ ਆਪਣੇ ਹਲਕੇ ਵਿਚ ਪੈਂਦੇ ਰਾਮਾ ਮੰਡੀ ਇਲਾਕੇ ਵਿਚ ਬਣ ਰਹੀਆਂ ਦੁਕਾਨਾਂ ਦਾ ਕੰਮ ਰੁਕਵਾ ਕੇ ਡਰਾ-ਧਮਕਾ ਕੇ ਮਾਲਕਾਂ ਤੋਂ 45 ਲੱਖ ਰੁਪਏ ਲੈ ਲਏ। ਇਹ ਦੁਕਾਨਾਂ ਇਕ ਡਾਕਟਰ ਅਤੇ ਕੈਮਿਸਟ ਦੀਆਂ ਸਨ। ਦੱਸਿਆ ਜਾ ਰਿਹਾ ਹੈ ਕਿ 7 ਦੁਕਾਨਾਂ ਨਵੀਆਂ ਬਣਾਉਣ ਲਈ ਡੇਗ ਦਿੱਤੀਆਂ ਗਈਆਂ ਸਨ। ਰਾਮਾ ਮੰਡੀ ਇਲਾਕੇ ਵਿਚ ਦੁਕਾਨ ਬਣਾਉਣ ਲਈ ਪਾਰਕਿੰਗ ਲਈ ਸਾਢੇ 16 ਫੁੱਟ ਜਗ੍ਹਾ ਛੱਡਣੀ ਹੁੰਦੀ ਹੈ।
ਮਾਮਲਾ ਵਿਧਾਇਕ ਕੋਲ ਪਹੁੰਚਿਆ ਤਾਂ ਵਿਧਾਇਕ ਨੇ ਪਾਰਕਿੰਗ ਦੀ ਜਗ੍ਹਾ ਛੱਡਣ ਲਈ ਕਿਹਾ। ਦੁਕਾਨਦਾਰਾਂ ਨੇ ਵੀ ਆਫ਼ਰ ਕਰ ਦਿੱਤੀ ਕਿ ਪੈਸੇ ਮਿਲ ਜਾਣਗੇ ਪਰ ਨੀਂਹ ਉਥੋਂ ਹੀ ਚੁੱਕੀ ਜਾਵੇਗੀ, ਜਿੱਥੋਂ ਉਹ ਚਾਹੁੰਦੇ ਹਨ। ਅਜਿਹੇ ਵਿਚ ਵਿਧਾਇਕ ਨਾਲ 45 ਲੱਖ ਰੁਪਏ ਵਿਚ ਸੌਦਾ ਹੋਇਆ ਅਤੇ ਦੁਕਾਨ ਬਿਨਾਂ ਪਾਰਕਿੰਗ ਦੀ ਉਚਿਤ ਜਗ੍ਹਾ ਛੱਡੇ ਤਿਆਰ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ 7 ਵਿਚੋਂ 2 ਦੁਕਾਨਾਂ ਵੇਚ ਦਿੱਤੀਆਂ ਗਈਆਂ ਹਨ, ਜਦਕਿ ਕੁਝ ਦੁਕਾਨਾਂ ਮਾਲਕ ਕੋਲ ਹੀ ਹਨ।
ਵਿਧਾਇਕ ਦਾ ਪੁਲਸ ਵਿਭਾਗ ਵਿਚ ਦਬਦਬਾ ਕਿਸੇ ਤੋਂ ਲੁਕਿਆ ਨਹੀਂ ਹੈ। ਇਹੀ ਕਾਰਨ ਹੈ ਕਿ ਸ਼ਰਾਬ ਸਮੱਗਲਰ ਸੋਨੂੰ ਟੈਂਕਰ ਨੂੰ ਫੜਨ ਲਈ ਸੈਂਟਰਲ ਹਲਕੇ ਦੀ ਪੁਲਸ ਕੁਝ ਨਹੀਂ ਕਰ ਸਕੀ, ਜਿਸ ਕਾਰਨ ਸੋਨੂੰ ਟੈਂਕਰ ਨੂੰ ਫੜਨ ਲਈ ਸਾਬਕਾ ਏ. ਡੀ. ਸੀ. ਪੀ. ਆਦਿੱਤਿਆ ਦੀ ਅਗਵਾਈ ਵਿਚ ਟੀਮ ਬਣਾ ਕੇ ਥਾਣਾ ਨੰਬਰ 7 ਦੀ ਪੁਲਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਧਾਇਕ ਰਮਨ ਅਰੋੜਾ ਕਾਫ਼ੀ ਸਮੇਂ ਤੋਂ ਤਰਲੋਕ, ਸੋਨੂੰ ਟੈਂਕਰ, ਪਹਿਲਵਾਨ, ਦੋ ਸਕੇ ਭਰਾਵਾਂ ਅਤੇ ਹੋਰ ਆਪਣੇ ਕਰੀਬੀ ਲੋਕਾਂ ਤੋਂ ਸ਼ਰਾਬ ਦਾ ਧੰਦਾ ਕਰਵਾ ਰਹੇ ਸਨ। ਸ਼ਰਤ ਇਹ ਸੀ ਕਿ ਸ਼ਰਾਬ ਦਾ ਧੰਦਾ ਸੈਂਟਰਲ ਹਲਕੇ ਤੋਂ ਹੀ ਚੱਲੇਗਾ ਤਾਂ ਜੋ ਜੇਕਰ ਪੁਲਸ ਰੇਡ ਵੀ ਕਰੇ ਤਾਂ ਸੈਂਟਰਲ ਹਲਕੇ ਦੇ ਥਾਣੇ ਹੀ ਕਰਨ ਅਤੇ ਸਮੱਗਲਰਾਂ ਨੂੰ ਬਚਾਇਆ ਜਾ ਸਕੇ।
ਵਿਧਾਇਕ ਰਮਨ ਅਰੋੜਾ ਦੇ ਕੁੜਮ ਰਾਜੂ ਮਦਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਈ ਨਾਮੀ ਲੋਕਾਂ ਦੇ ਨਾਂ ਸਾਹਮਣੇ ਆਉਣਗੇ। ਸੂਤਰਾਂ ਦੀ ਮੰਨੀਏ ਤਾਂ ਰਮਨ ਅਰੋੜਾ ਦੇ ਪਿੱਛੇ ਕੋਈ ਮਾਸਟਰਮਾਈਂਡ ਵੀ ਸੀ, ਜਿਸ ਦਾ ਕਿਹਾ ਰਮਨ ਅਰੋੜਾ ਟਾਲ ਨਹੀਂ ਸਕਦੇ ਸਨ। ਇਸ ਤੋਂ ਇਲਾਵਾ ਤਹਿਸੀਲ ਵਿਚ ਫਰਜ਼ੀ ਦਸਤਾਵੇਜ਼ ਬਣਵਾਉਣਾ, ਇਮਾਰਤਾਂ ਬਾਰੇ ਜਾਣਕਾਰੀਆਂ ਦੇਣਾ, ਸੈਟਿੰਗ ਕਰਵਾਉਣਾ ਆਦਿ ਕਈ ਕੰਮਾਂ ਵਿਚ ਸ਼ਾਮਲ ਲੋਕ ਰਾਜੂ ਮਦਾਨ ਨਾਲ ਹੀ ਜੁੜੇ ਹੋਏ ਸਨ।