- Updated: August 02, 2023 11:57 PM
ਕੈਨੇਡਾ ਵਿਚ ਖ਼ਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਜਰ ਦੀ ਕਤਲ ਤੋਂ ਬਾਅਦ ਭਾਰਤੀ ਅਧਿਕਾਰੀਆਂ ਨੂੰ ਧਮਕਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਮੰਗਲਵਾਰ ਨੂੰ ਇਕ ਵਾਰ ਫ਼ਿਰ ਕੈਨੇਡਾ ਦੇ ਵੈਨਕੂਵਰ ਵਿਚ ਭਾਰਤੀ ਅੰਬੈਸੀ ਦੀ ਇਮਾਰਤ 'ਤੇ ਭਾਰਤੀ ਡਿਪਲੋਮੈਟਸ ਤੇ ਕੌਂਸਲ ਜਨਰਲ ਦੀਆਂ ਤਸਵੀਰਾਂ ਨਾਲ ਪੋਸਟਰ ਚਿਪਕਾਏ ਗਏ। ਇਸ ਪੋਸਟਰ 'ਤੇ 'ਵਾਂਟੇਡ' ਸ਼ਬਦ ਦੀ ਵਰਤੋਂ ਕੀਤੀ ਗਈ ਹੈ।
ਭਾਰਤੀ ਅੰਬੈਸੀ ਦੀ ਐਂਟਰੀ ਨੇੜੇ ਲੱਗੇ ਇਸ ਪੋਸਟਰ ਵਿਚ ਕੈਨੇਡਾ ਵਿਚ ਮਾਰੇ ਗਏ ਸਿੱਖਸ ਫਾਰ ਜਸਟਿਸ ਦੇ ਆਗੂ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਵੀ ਜ਼ਿਕਰ ਹੈ। ਮੰਗਲਵਾਰ ਸਵੇਰੇ ਜਦੋਂ ਭਾਰਤੀ ਅਧਿਕਾਰੀਆਂ ਨੂੰ ਇਸ ਪੋਸਟਰ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਕੈਨੇਡਾ ਦੇ ਅਧਿਕਾਰੀਆਂ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ। ਦੱਸ ਦਈਏ ਕਿ ਅਜਿਹੇ ਹੀ ਪੋਸਟਰ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਵੈਨਕੂਵਰ ਮੈਟਰੋ ਰੀਜ਼ਨ ਵਿਚ ਲਗਾਏ ਗਏ ਸਨ। ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਇਸ ਪੋਸਟਰ ਨੂੰ ਹਟਾ ਦਿੱਤਾ ਗਿਆ। ਰਿਪੋਰਟ ਮੁਤਾਬਕ ਇਸ ਪੋਸਟਰ ਨੂੰ ਸਵੇਰੇ ਤੜਕਸਾਰ ਚਿਪਕਾਇਆ ਗਿਆ ਸੀ। ਭਾਰਤ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਅੰਬੈਸੀ ਨੇ ਫ਼ੌਰੀ ਕਾਰਵਾਈ ਕਰਨ ਲਈ ਸਥਾਨਕ ਅਧਿਕਾਰੀਆਂ ਅੱਗੇ ਇਹ ਮੁੱਦਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਡਿਪਲੋਮੈਟਸ ਦੀ ਸੁਰੱਖਿਆ ਦੀ ਜ਼ਿੰਮੇਦਾਰੀ ਕੈਨੇਡੀਅਨ ਮਾਊਂਟੇਡ ਪੁਲਸ ਜਾਂ RCMP ਦੀ ਹੈ।
ਭਾਰਤੀ ਦੂਤਾਵਾਸ ਵਿਚ ਲਗਾਏ ਗਏ ਪੋਸਟਰ ਵਿਚ ਕੈਨੇਡਾ ਵਿਚ ਮਾਰੇ ਗਏ SFJ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਵੀ ਜ਼ਿਕਰ ਕੀਤਾ ਗਿਆ ਹੈ। 18 ਜੂਨ ਨੂੰ ਕੈਨੇਡਾ ਦੇ ਸਰੀ ਸਥਿਤ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿਚ ਨਿੱਝਰ ਦਾ ਕਤਲ ਕਰ ਦਿੱਤਾ ਗਿਆ ਸੀ। ਭਾਰਤ ਸਰਕਾਰ ਨੇ ਨਿੱਝਰ ਨੂੰ ਨਾਮਜ਼ਦ ਅੱਤਵਾਦੀ ਐਲਾਨਿਆ ਹੋਇਆ ਸੀ। ਸਿੱਖਸ ਫਾਰ ਜਸਟਿਸ (SFJ) ਨੇ ਨਿੱਝਰ ਦੀ ਹੱਤਿਆ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਰਦੀਪ ਸਿੰਘ ਨਿੱਝਰ ਪੰਜਾਬ ਦੇ ਜਲੰਧਰ ਜ਼ਿਲ੍ਹੇ ਦਾ ਵਸਨੀਕ ਸੀ।