ਅਦਾਲਤ ''ਚ MP ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਤੇ ਸਾਥੀ ਲਵਪ੍ਰੀਤ ਦੀ ਪੇਸ਼ੀ, 14 ਦਿਨਾਂ ਦੀ ਨਿਆਇਕ ਹਿਰਾਸਤ ''ਚ ਭੇਜਿਆ

ਅਦਾਲਤ ''ਚ MP ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਤੇ ਸਾਥੀ ਲਵਪ੍ਰੀਤ ਦੀ ਪੇਸ਼ੀ, 14 ਦਿਨਾਂ ਦੀ ਨਿਆਇਕ ਹਿਰਾਸਤ ''ਚ ਭੇਜਿਆ

ਖਡੂਰ ਸਾਹਿਬ ਸੀਟ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਅਤੇ ਸਾਥੀ ਲਵਪ੍ਰੀਤ ਸਿੰਘ ਦਾ ਦੋ ਦਿਨਾਂ  ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅੱਜ ਮੁੜ ਕੋਰਟ ਵਿਚ ਪੇਸ਼ ਕੀਤਾ ਗਿਆ। ਇਥੋਂ ਅਦਾਲਤ ਨੇ ਹੈੱਪੀ ਅਤੇ ਉਸ ਦੇ ਦੋਸਤ ਲਵਪ੍ਰੀਤ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। 

ਫਿਲੌਰ ਪੁਲਸ ਨੇ ਅੱਜ ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਅਤੇ ਉਸ ਦੇ ਦੋਸਤ ਲਵਪ੍ਰੀਤ ਨੂੰ ਕੋਰਟ ਵਿੱਚ ਪੇਸ਼ ਕੀਤਾ, ਜਿਨ੍ਹਾਂ ਨੂੰ ਅਦਾਲਤ ਨੇ 14 ਦਿਨ ਲਈ ਜੂਡੀਸ਼ੀਅਲ ਕਸਟਡੀ ਵਿਚ ਭੇਜ ਦਿੱਤਾ। ਇਹ ਸਾਰੀ ਜਾਣਕਾਰੀ ਐੱਸ. ਐੱਚ. ਓ. ਫਿਲੌਰ ਸੁਖਦੇਵ ਸਿੰਘ ਨੇ ਦਿੱਤੀ ਹੈ। 

ਦੱਸ ਦੇਈਏ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਫਿਲੌਰ ਨੇੜਿਓਂ ਆਈਸ ਡਰੱਗ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਸਬੰਧੀ ਜਲੰਧਰ ਦੇ ਐੱਸ. ਐੱਸ. ਪੀ. ਅੰਕੁਰ ਗੁਪਤਾ ਦਾ ਬਿਆਨ ਸਾਹਮਣੇ ਆਇਆ ਹੈ ਸੀ। ਉਨ੍ਹਾਂ ਦੱਸਿਆ ਸੀ ਕਿ ਇਸ ਮਾਮਲੇ ਵਿੱਚ ਕੁੱਲ੍ਹ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਐੱਸ. ਐੱਸ. ਪੀ. ਅੰਕੁਰ ਗੁਪਤਾ ਨੇ ਦੱਸਿਆ ਕਿ ਬੀਤੇ ਦਿਨੀਂ ਗਸ਼ਤ ਦੌਰਾਨ ਪੁਲਸ ਨੇ ਫਿਲੌਰ ਵਿੱਚ ਨੈਸ਼ਨਲ ਹਾਈਵੇਅ ਦੇ ਕਿਨਾਰੇ ਖੜ੍ਹੀ ਇਕ ਸ਼ੱਕੀ ਵਾਹਨ ਦੀ ਤਲਾਸ਼ੀ ਲਈ ਸੀ। ਇਸ ਕ੍ਰੇਟਾ ਗੱਡੀ ਦੇ ਸ਼ੀਸ਼ੇ ਵੀ ਕਾਲੇ ਕੀਤੇ ਹੋਏ ਸਨ, ਜਿਸ ਕਾਰਨ ਸ਼ੱਕ ਦੇ ਆਧਾਰ 'ਤੇ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਇਸ 'ਚ ਬੈਠੇ ਵਿਅਕਤੀਆਂ ਕੋਲੋਂ 4 ਗ੍ਰਾਮ ਆਈਸ ਡਰੱਗ ਬਰਾਮਦ ਹੋਈ। ਇਸ ਦੌਰਾਨ ਲਵਪ੍ਰੀਤ ਪੁੱਤਰ ਗੁਰਪ੍ਰੀਤ ਵਾਸੀ ਚੀਮਾ ਵਾਰਡ ਥਾਣਾ ਬਿਆਸ ਅਤੇ ਹਰਪ੍ਰੀਤ ਉਰਫ਼ ਹੈਪੀ ਪੁੱਤਰ ਤਰਸੇਮ ਸਿੰਘ ਵਾਸੀ ਜੱਲੂਪੁਰ ਖੇੜਾ ਥਾਣਾ ਖਿਲਜੀਆਂ ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਕੋਲੋਂ 4 ਗ੍ਰਾਮ ਆਈਸ ਡਰੱਗ, ਤੋਲਣ ਵਾਲਾ ਸਕੇਲ, ਲਾਈਟਰ ਆਦਿ ਵੀ ਬਰਾਮਦ ਕੀਤਾ ਗਿਆ। ਉਨ੍ਹਾਂ ਦੇ ਸਾਥੀ ਕੋਲੋਂ ਦੋ ਫੋਨ ਬਰਾਮਦ ਹੋਏ।