ਹੜ੍ਹਾਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਤਿਆਰ : ਕੁਲਦੀਪ ਧਾਲੀਵਾਲ

ਹੜ੍ਹਾਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਤਿਆਰ : ਕੁਲਦੀਪ ਧਾਲੀਵਾਲ

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਹਲਕੇ ਦੇ ਪਿੰਡ ਘੋਨੇਵਾਲ ਨੇੜੇ ਰਾਵੀ ਦਰਿਆ ਦੇ ਕਿਨਾਰੇ ਮਜ਼ਬੂਤ ਕਰਨ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਂਦੇ ਹੋਏ ਲੋਕਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਹੜ੍ਹਾਂ ਵਰਗੀ ਕੁਦਰਤੀ ਆਫਤ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਲੋਕਾਂ ਦੇ ਜਾਨ-ਮਾਲ ਦੀ ਪੂਰੀ ਹਿਫਾਜ਼ਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਜਿਨ੍ਹਾਂ ਥਾਵਾਂ ’ਤੇ ਬੰਨ੍ਹ ਦੀ ਕਮਜ਼ੋਰੀ ਕਰਕੇ ਦਰਿਆ ਨੂੰ ਕਿਨਾਰਿਓਂ ਟੁੱਟਣ ਦਾ ਮੌਕਾ ਮਿਲਿਆ ਸੀ, ਨੂੰ ਇਸ ਵਾਰ ਦੂਰ ਕਰ ਲਿਆ ਗਿਆ ਹੈ ਅਤੇ ਅਜੇ ਵੀ ਇਹ ਕੰਮ ਲਗਾਤਾਰ ਜਾਰੀ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਹਰ ਵਰਗ ਲਈ ਕੰਮ ਕਰ ਰਹੇ ਹਨ ਅਤੇ ਕੁਦਰਤੀ ਆਫਤਾਂ ਤੋਂ ਪੰਜਾਬ ਨੂੰ ਬਚਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਦੱਸਿਆ ਕਿ ਸਾਡੇ ਹਲਕੇ ’ਚ ਰਾਵੀ ਦਰਿਆ ਹੜ੍ਹ ਦਾ ਕਾਰਨ ਬਣਦਾ ਹੈ ਅਤੇ ਪਿਛਲੇ ਸਾਲ ਕਈ ਥਾਵਾਂ ’ਤੇ ਪਾਣੀ ਚੜ੍ਹ ਗਿਆ ਸੀ, ਜਿਸ ਨੂੰ ਵੇਖਦੇ ਹੋਏ ਇਸ ਵਾਰ ਬੰਨ੍ਹ ਨੂੰ ਮਜ਼ਬੂਤ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਅੱਜ ਵੀ ਮੈਂ ਇਸੇ ਕੰਮ ਨੂੰ ਵੇਖਣ ਲਈ ਆਇਆ ਹਾਂ ਅਤੇ ਕੁਝ ਇਕ ਥਾਵਾਂ ’ਤੇ ਮੈਨੂੰ ਅਜੇ ਵੀ ਕਮਜ਼ੋਰੀ ਲੱਗੀ ਹੈ, ਜਿਸ ਨੂੰ ਦੂਰ ਕਰਨ ਲਈ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਬੰਨ੍ਹ ਨੇੜਿਓਂ ਕਿਸੇ ਵੀ ਤਰ੍ਹਾਂ ਮਿੱਟੀ ਨਾ ਛੇੜਨ ਕਿਉਂਕਿ ਧੁੱਸੀ ਬੰਨ੍ਹ ਨੂੰ ਲਾਈ ਹੋਈ ਕਹੀ ਕਈ ਵਾਰ ਪਿੰਡ ਰੁੜ੍ਹਨ ਦਾ ਕਾਰਨ ਬਣ ਜਾਂਦੀ ਹੈ । ਇਸ ਲਈ ਲੋਕ ਬੰਨ੍ਹ ਨੂੰ ਨੁਕਸਾਨ ਨਾ ਪਹੁੰਚਾਉਣ ਸਗੋਂ ਧੁੱਸੀ ਦੀ ਖੁਦ ਰੱਖਿਆ ਕਰਨ।