ਕੈਨੇਡਾ ’ਚ ਹੋਏ 200 ਕਰੋੜ ਦੇ ਡਰੱਗ ਰੈਕੇਟ ਦਾ ਮਾਸਟਰਮਾਈਂਡ ਜਲੰਧਰ ਦੇ ਪਿੰਡ ਗਾਖਲ ਦਾ ਨਿਕਲਿਆ। 

ਕੈਨੇਡਾ ’ਚ ਹੋਏ 200 ਕਰੋੜ ਦੇ ਡਰੱਗ ਰੈਕੇਟ ਦਾ ਮਾਸਟਰਮਾਈਂਡ ਜਲੰਧਰ ਦੇ ਪਿੰਡ ਗਾਖਲ ਦਾ ਨਿਕਲਿਆ। 

ਕੈਨੇਡਾ ਦੇ ਓਨਟਾਰੀਓ ਦੀ ਪੀਲ ਰੀਜਨਲ ਪੁਲਸ ਵੱਲੋਂ 3 ਪੰਜਾਬੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ 200 ਕਰੋੜ ਰੁਪਏ ਤੋਂ ਵੱਧ ਦੀ ਡਰੱਗਜ਼ ਬਰਾਮਦ ਕਰਨ ਦੇ ਮਾਮਲੇ ਚ ਜਲੰਧਰ ਦੇ ਪਿੰਡ ਗਾਖਲ ਦਾ ਗੁਰਦੀਪ ਸਿੰਘ ਉਰਫ਼ ਦੀਪਾ ਗਾਖਲ ਮੁੱਖ ਸਰਗਨਾ ਨਿਕਲਿਆ ਹੈ। ਫਿਲਹਾਲ ਦੀਪਾ ਦੇ ਭਰਾ ਮੇਜਰ ਸਿੰਘ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦੀਪਾ ਗਾਖਲ ਦੇ ਮੋਬਾਇਲ ਦੀ ਵ੍ਹਟਸਐਪ ਤੋਂ ਕੈਨੇਡੀਅਨ ਪੁਲਸ ਨੂੰ ਪਿੰਡ ਗਾਖਲ ਦੇ ਵਸਨੀਕ ਅਮਰੀਕ ਗਾਖਲ ਜੋਕਿ ਅਮਰੀਕਾ ਦਾ ਨਾਗਰਿਕ ਸੀ, ਦੇ ਵੀ ਸ਼ੱਕੀ ਆਡੀਓ ਸੰਦੇਸ਼ ਮਿਲੇ ਸਨ, ਜਿਸ ਨੂੰ ਕੈਨੇਡਾ ਪੁਲਸ ਦੇ ਕਹਿਣ ’ਤੇ ਅਮਰੀਕੀ ਪੁਲਸ ਨੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ। ਭਾਵੇਂ ਅਮਰੀਕ ਸਿੰਘ ਗਾਖਲ ਕੋਲੋਂ ਕੋਈ ਨਸ਼ੇ ਵਾਲਾ ਪਦਾਰਥ ਬਰਾਮਦ ਨਹੀਂ ਹੋਇਆ ਪਰ ਕੈਨੇਡੀਅਨ ਪੁਲਸ ਦੀ ਜਾਂਚ ’ਚ ਪਤਾ ਲੱਗਾ ਹੈ ਕਿ ਅਮਰੀਕ ਸਿੰਘ ਦੀਪਾ ਗਾਖਲ ਲਈ ਕੋਰੀਅਰ ਦਾ ਕੰਮ ਕਰਦਾ ਸੀ, ਜਿਸ ਕਾਰਨ ਉਸ ਨੂੰ ਜ਼ਮਾਨਤ ਵੀ ਮਿਲ ਗਈ ਸੀ।

ਦੀਪਾ ਗਾਖਲ ਦੇ ਪਿਤਾ ਸਵ. ਅਵਤਾਰ ਸਿੰਘ ਵਾਸੀ ਗਾਖਲ ਪਿੰਡ ਕਾਫ਼ੀ ਸਮੇਂ ਤੋਂ ਦੁਬਈ ਵਿਖੇ ਰਹੇ, ਜਿਸ ਕਾਰਨ ਘਰ ਦਾ ਖ਼ਰਚਾ ਚੱਲ ਰਿਹਾ ਸੀ ਪਰ ਕਰੀਬ 16 ਸਾਲ ਪਹਿਲਾਂ ਦੀਪੇ ਦਾ ਵੱਡਾ ਭਰਾ ਮੇਜਰ ਸਿੰਘ ਕੈਨੇਡਾ ਚਲਾ ਗਿਆ। ਉਸ ਨੇ ਉਥੋਂ ਦੀ ਇਕ ਪੰਜਾਬੀ ਕੁੜੀ ਨਾਲ ਵਿਆਹ ਕਰਵਾ ਲਿਆ ਅਤੇ ਸਿੰਗਿੰਗ ਈਵੈਂਟ ਕਰਵਾ ਕੇ ਕਮਾਈ ਕਰਨੀ ਸ਼ੁਰੂ ਕਰ ਦਿੱਤੀ। ਉਸ ਤੋਂ ਬਾਅਦ ਮੇਜਰ ਸਿੰਘ ਉੱਥੇ ਸੈੱਟ ਹੋ ਗਿਆ ਤਾਂ ਉਸ ਨੇ ਆਪਣੇ ਭਰਾ ਦੀਪੇ ਨੂੰ ਵੀ ਬੁਲਾ ਲਿਆ। ਦੀਪਾ ਅਤੇ ਮੇਜਰ ਸਿੰਘ ਨੇ ਇਕੱਠੇ ਗਾਇਕੀ ਦੇ ਸ਼ੋਅ ਕਰਕੇ ਮੋਟੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਦੌਰਾਨ ਗੁਰਦੀਪ ਸਿੰਘ ਦੀਪਾ ਦੀ ਮੁਲਾਕਾਤ ਨਸ਼ਾ ਸਮੱਗਲਰਾਂ ਨਾਲ ਹੋ ਗਈ। ਉਨ੍ਹਾਂ ਦੇ ਰਹਿਣ-ਸਹਿਣ ਵੇਖ ਕੇ ਦੀਪਾ ਕਾਫ਼ੀ ਪ੍ਰਭਾਵਿਤ ਹੋਇਆ ਅਤੇ ਹੌਲੀ-ਹੌਲੀ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨਸ਼ਾ ਸਮੱਗਲਿੰਗ ਦਾ ਕੰਮ ਸ਼ੁਰੂ ਕਰ ਦਿੱਤਾ।

ਦੀਪਾ ਨੇ ਫਿਰ ਆਪਣੇ ਭਰਾ ਮੇਜਰ ਸਿੰਘ ਨਾਲ ਮਿਲ ਕੇ ਪਾਰਟਨਰਜ਼ ’ਚ ਫਰੈਂਡਜ਼ ਫਰਨੀਚਰ ਨਾਂ ਦੀ ਕੰਪਨੀ ਖੋਲ੍ਹੀ। ਇਸ ਦੀ ਆੜ ’ਚ ਉਸ ਨੇ ਅਮਰੀਕਾ-ਕੈਨੇਡਾ ਸਰਹੱਦ ਤੋਂ ਵੱਡੇ ਪੱਧਰ ’ਤੇ ਨਸ਼ਿਆਂ ਦੀ ਸਮੱਗਲਿੰਗ ਸ਼ੁਰੂ ਕਰ ਦਿੱਤੀ। ਕਰੀਬ 13 ਸਾਲ ਪਹਿਲਾਂ ਦੀਪਾ ਵਾਪਸ ਭਾਰਤ ਆਇਆ ਅਤੇ ਨੇੜਲੇ ਪਿੰਡ ਦੀ ਇਕ ਲੜਕੀ ਨਾਲ ਪ੍ਰੇਮ ਵਿਆਹ ਕਰਵਾ ਕੇ ਉਸ ਨੂੰ ਵੀ ਕੈਨੇਡਾ ਲੈ ਗਿਆ।
ਇਸ ਸਮੇਂ ਗੁਰਦੀਪ ਸਿੰਘ ਦੀਪਾ ਦੇ 2 ਬੱਚੇ ਹਨ, ਜਦਕਿ ਉਸ ਦੀ ਮਾਂ ਵੀ ਦੋਵਾਂ ਭਰਾਵਾਂ ਨਾਲ ਕੈਨੇਡਾ ਰਹਿੰਦੀ ਹੈ। ਕੁਝ ਸਮਾਂ ਪਹਿਲਾਂ ਮੇਜਰ ਸਿੰਘ ਨੇ ਆਪਣੀ ਪਾਰਟਨਰਸ਼ਿਪ ਖ਼ਤਮ ਕਰ ਲਈ ਅਤੇ ਗਾਖਲ ਦੇ ਰਹਿਣ ਵਾਲੇ ਵਿਅਕਤੀ ਨਾਲ ਕਰ ਲਈ। ਦੀਪਾ ਕਾਫ਼ੀ ਸਮੇਂ ਤੋਂ ਨਸ਼ਾ ਸਮੱਗਲਿੰਗ ਦਾ ਕੰਮ ਕਰ ਰਿਹਾ ਸੀ। ਪਿੰਡ ਗਾਖਲ ਦੇ ਦੀਪਾ ਦਾ ਹੀ ਜਾਣਕਾਰ ਅਮਰੀਕ ਸਿੰਘ ਅਮਰੀਕਾ ਦਾ ਨਾਗਰਿਕ ਹੈ, ਜਿਸ ਨੂੰ ਉਸ ਨੇ ਇਸ ਕਾਰੋਬਾਰ ’ਚ ਕੋਰੀਅਰ ਬੁਆਏ ਵਜੋਂ ਉਤਾਰਿਆ।

                           Image

ਅਮਰੀਕਾ ਤੋਂ ਡਰੱਗਜ਼ ਖ਼ਰੀਦ ਕੇ ਉਹ ਕੈਨੇਡਾ ’ਚ ਸਪਲਾਈ ਕਰਨ ਲਈ ਅਮਰੀਕ ਸਿੰਘ ਦੀ ਮਦਦ ਲੈਂਦਾ ਸੀ। ਦੱਸਿਆ ਜਾ ਰਿਹਾ ਹੈ ਕਿ ਦੀਪਾ ਲੰਬੇ ਸਮੇਂ ਤੋਂ ਇਸ ਕਾਰੋਬਾਰ ’ਚ ਹੈ। ਪਿੰਡ ਦੇ ਲੋਕਾਂ ਮੁਤਾਬਕ ਦੀਪਾ 15 ਸਾਲਾਂ ’ਚ ਸਿਰਫ਼ 2 ਵਾਰ ਭਾਰਤ ਆਇਆ ਸੀ। ਆਖਰੀ ਵਾਰ ਉਹ 1 ਅਪ੍ਰੈਲ 2018 ਨੂੰ ਭਾਰਤ ਆਇਆ ਸੀ, ਜਿੱਥੇ ਉਸ ਨੇ ਆਪਣੇ ਪਿੰਡ ਗਾਖਲ ’ਚ ਇਕ ਕਬੱਡੀ ਮੈਚ ਕਰਵਾਇਆ ਸੀ ਅਤੇ ਦੀਪਾ ਇਕ ਪ੍ਰਮੋਟਰ ਵਜੋਂ ਮੌਜੂਦ ਸੀ। ਦੀਪਾ ਗਾਖਲ ਦੇ ਪਰਿਵਾਰ ਦਾ ਪਿੰਡ ਦੇ ਲੋਕਾਂ ’ਚ ਬਹੁਤ ਚੰਗਾ ਅਕਸ ਹੈ। ਕਿਸੇ ਨੂੰ ਯਕੀਨ ਨਹੀਂ ਹੈ ਕਿ ਦੀਪਾ ਨਸ਼ੇ ਦਾ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਕੈਨੇਡਾ ਪੁਲਸ ਮੇਜਰ ਸਿੰਘ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਕੈਨੇਡਾ ’ਚ ਪੰਜਾਬੀਆਂ ਦੇ ਜੁਰਮਾਂ ’ਚ ਸ਼ਾਮਲ ਹੋਣ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਜੂਨ 2021 ’ਚ ਕੈਨੇਡਾ ਦੇ ਸਭ ਤੋਂ ਵੱਡੇ ਡਰੱਗ ਰੈਕੇਟ ’ਚ 9 ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਟੋਰਾਂਟੋ ਪੁਲਸ ਨੇ 1000 ਕਿਲੋ ਗ੍ਰਾਮ ਤੋਂ ਵੱਧ ਡਰੱਗਜ਼ ਅਤੇ ਨਸ਼ੇ ਵਾਲੇ ਪਦਾਰਥਾਂ ਸਮੇਤ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੰਤਰਰਾਸ਼ਟਰੀ ਬਾਜ਼ਾਰ ’ਚ ਡਰੱਗਜ਼ ਅਤੇ ਨਸ਼ੇ ਵਾਲੇ ਪਦਾਰਥਾਂ ਦੀ ਕੀਮਤ 61 ਮਿਲੀਅਨ ਡਾਲਰ (3.68 ਅਰਬ ਰੁਪਏ) ਸੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ’ਚੋਂ 9 ਪੰਜਾਬੀ ਮੂਲ ਦੇ ਸਨ।

2021 ਦੇ ਡਰੱਗ ਰੈਕੇਟ ’ਚ ਸ਼ਾਮਲ ਪੰਜਾਬੀਆਂ ਦੇ ਨਾਂ
1. ਕੈਲੇਡਨ : ਔਰਤ ਹਰਵਿੰਦਰ ਭੁੱਲਰ (43)
2. ਬਰੈਂਪਟਨ : ਗੁਰਬਖਸ਼ ਸਿੰਘ (37)
3. ਕੈਲੇਡਨ : ਅਮਰਬੀਰ ਸਿੰਘ ਸਰਕਾਰੀਆ (25)
4. ਕੈਲੇਡਨ : ਹਰਬਲਜੀਤ ਸਿੰਘ ਤੂਰ (46)
5. ਕਿਚਨਰ : ਸਰਜੰਤ ਸਿੰਘ ਧਾਲੀਵਾਲ (37)
6. ਕਿਚਨਰ : ਗੁਰਵੀਰ ਧਾਲੀਵਾਲ (37)
7. ਕਿਚਨਰ : ਗੁਰਮਨਪ੍ਰੀਤ ਗਰੇਵਾਲ (26)
8. ਬਰੈਂਪਟਨ : ਸੁਖਵੰਤ ਬਰਾੜ (37)
9. ਬਰੈਂਪਟਨ : ਪਰਮਿੰਦਰ ਗਿੱਲ (33)