‘ਇਨਸਾਫ਼ ਨਾ ਮਿਲਿਆ ਤਾਂ ਕੇਸ ਵਾਪਸ ਲੈ ਕੇ ਦੇਸ਼ ਛੱਡਾਂਗਾ'': ਮੂਸੇਵਾਲਾ ਦੇ ਪਿਤਾ ਦਾ ਸਰਕਾਰ ਨੂੰ ਅਲਟੀਮੇਟਮ। 

 ‘ਇਨਸਾਫ਼ ਨਾ ਮਿਲਿਆ ਤਾਂ ਕੇਸ ਵਾਪਸ ਲੈ ਕੇ ਦੇਸ਼ ਛੱਡਾਂਗਾ'': ਮੂਸੇਵਾਲਾ ਦੇ ਪਿਤਾ ਦਾ ਸਰਕਾਰ ਨੂੰ ਅਲਟੀਮੇਟਮ। 

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਨੂੰ 5 ਮਹੀਨਿਆਂ ਦਾ ਸਮਾਂ ਬੀਤ ਚੁੱਕਿਆ ਹੈ ਪਰ ਪਰਿਵਾਰ ਨੂੰ ਹੁਣ ਤੱਕ ਵੀ ਇਨਸਾਫ਼ ਨਹੀਂ ਮਿਲਿਆ। ਇਸ ਸਬੰਧੀ ਗੱਲ ਕਰਦਿਆਂ ਅੱਜ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਰਕਾਰ ਅਤੇ ਸਿਮਟਮ 'ਤੇ ਵੱਡਾ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਉਸ ਨੇ ਦੇਸ਼ ਦੀ ਸੇਵਾ ਕੀਤਾ ਹੈ ਅਤੇ ਉਹ ਸੇਵਾਮੁਕਤ ਫੌਜੀ ਹਨ। ਉਨ੍ਹਾਂ ਵੱਲੋਂ ਲਗਾਤਾਰ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਪਰ ਇਨਸਾਫ਼ ਦੇਣ ਦੀ ਬਜਾਏ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸਿੱਧੂ ਦੇ ਪਿਤਾ ਨੇ ਸਰਕਾਰ ਨੂੰ ਇਕ ਮਹੀਨੇ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਮੈਂ ਡੀ. ਜੀ. ਪੀ. ਨੂੰ ਮਿਲਣ ਦਾ ਸਮਾਂ ਮੰਗਿਆ ਹੈ ਅਤੇ 25 ਨਵੰਬਰ ਤੱਕ ਇੰਤਜ਼ਾਰ ਕਰਾਂਗਾ। ਉਸ ਤੋਂ ਬਾਅਦ ਜੇਕਰ ਸਾਨੂੰ ਇਨਸਾਫ਼ ਨਹੀਂ ਮਿਲਦਾ ਤਾਂ ਅਸੀਂ ਦੇਸ਼ ਛੱਡ ਕੇ ਚੱਲ ਜਾਵਾਂਗੇ ਅਤੇ ਕਤਲ ਦੀ FIR ਵੀ ਵਾਪਸ ਲੈ ਲੈਣਗੇ। ਇਸ ਤੋਂ ਇਲਾਵਾ ਉਨ੍ਹਾਂ ਪੁਲਸ ਸੁਰੱਖਿਆ ਛੱਡਣ ਦੀ ਵੀ ਗੱਲ ਆਖੀ ਹੈ।  ਪੰਜਾਬ ਦਾ ਮਾਹੌਲ ਅਜਿਹਾ ਹੋ ਗਿਆ ਹੈ ਕਿ ਗੈਂਗਸਟਰ ਫਿਰੌਤੀ ਮੰਗ ਰਹੇ ਹਨ, 5 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਇਨਸਾਫ਼ ਨਹੀਂ ਮਿਲ ਰਿਹਾ ਅਤੇ ਹੁਣ ਤਾਂ NIA ਕੁੜੀਆਂ ਨੂੰ ਵੀ ਤੰਗ ਕਰਨ ਲੱਗ ਗਈ ਹੈ।

ਪਿਤਾ ਬਲਕੌਰ ਨੇ ਕਿਹਾ ਕਿ ਸਰਕਾਰ ਨੂੰ ਇੰਨਾ ਸਮਾਂ ਦੇ ਦਿੱਤਾ ਗਿਆ ਹੈ ਪਰ ਇਨਸਾਫ਼ ਨਾ ਦੇ ਕੇ ਉਸਦਾ ਨਾਜਾਇਜ਼ ਫਾਇਦਾ ਚੁੱਕਿਆ ਜਾ ਰਿਹਾ ਹੈ। ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ ਦੀ ਜਾਂਚ 'ਚ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਹੈ ਪਰ ਅੱਜ ਸਰਕਾਰ ਦੇ ਸਿਮਟਮ ਖ਼ਰਾਬ ਹੋਣ ਕਾਰਨ ਪੰਜਾਬ ਦੇ ਨੌਜਵਾਨ ਲਗਾਤਾਰ ਵਿਦੇਸ਼ ਵੱਲ੍ਹ ਭੱਜ ਰਹੇ ਹਨ ਅਤੇ ਉਨ੍ਹਾਂ ਦੇ ਪੁੱਤਰ ਦਾ ਕਤਲ ਕਰ ਦਿੱਤਾ ਗਿਆ ਪਰ ਹੁਣ ਤੱਕ ਵੀ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸਿੱਧੂ ਨਾਲ ਹਮਦਰਦੀ ਰੱਖਣ ਵਾਲਿਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਗਾਇਕ ਜੈਨੀ ਜੌਹਲ ਨੂੰ ਵੀ ਨੋਟਿਸ ਭੇਜਿਆ ਗਿਆ ਹੈ। ਜੇਕਰ ਐੱਨ. ਆਈ. ਏ. ਜਾਂ ਸਰਕਾਰ ਕੋਈ ਸਵਾਲ ਪੁੱਛਣਾ ਚਾਹੁੰਦੇ ਹਨ ਤਾਂ ਉਹ ਸਾਨੂੰ ਪੁੱਛਣ , ਅਸੀਂ ਸਿੱਧੂ ਬਾਰੇ ਸਭ ਕੁਝ ਦੱਸਾਂਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਿੱਧੂ ਨਾਲ ਸਬੰਧਿਤ ਹਰ ਚੀਜ਼ ਜਿਵੇਂ ਕੀ ਮੋਬਾਇਲ, ਪਿਸਤੌਲ ਅਤੇ ਕਾਰ ਪੁਲਸ ਦੇ ਕਬਜ਼ੇ 'ਚ ਹਨ। ਸਰਕਾਰ 'ਤੇ ਨਿਸ਼ਾਨਾਂ ਵਿੰਨ੍ਹਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕੋਈ ਪਰਵਾਹ ਨਹੀਂ ਕਿ ਕਿਸੇ ਦੇ ਪੁੱਤ ਦਾ ਕਤਲ ਹੋਇਆ ਹੈ, ਉਨ੍ਹਾਂ ਨੂੰ ਸਿਰਫ਼ ਚੋਣਾਂ ਦੀ ਫਿਕਰ ਹੈ। ਪਿਤਾ ਬਲਕੌਰ ਨੇ ਕਿਹਾ ਕਿ ਸਿੱਧੂ ਦੇ ਕਤਲ ਨਾਲ ਸਬੰਧਿਤ ਜੋ ਲੋਕ ਹਨ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਇਸ ਦੀ ਜਾਂਚ ਹੋਣੀ ਚਾਹੀਦੀ ਹੈ।