ਗ੍ਰਿਫ਼ਤਾਰ MLA ਰਮਨ ਅਰੋੜਾ ਦੀ ਸਿਹਤ ਵਿਗੜਣ ਕਾਰਨ ਅੰਮ੍ਰਿਤਸਰ ਕੀਤਾ ਗਿਆ ਰੈਫਰ

ਗ੍ਰਿਫ਼ਤਾਰ MLA ਰਮਨ ਅਰੋੜਾ ਦੀ ਸਿਹਤ ਵਿਗੜਣ ਕਾਰਨ ਅੰਮ੍ਰਿਤਸਰ ਕੀਤਾ ਗਿਆ ਰੈਫਰ

ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਰਾਮਾ ਮੰਡੀ ਦੇ ਇਕ ਪਾਰਕਿੰਗ ਠੇਕੇਦਾਰ ਤੋਂ ਵੀ ਹਰ ਮਹੀਨੇ 20 ਤੋਂ 25 ਹਜ਼ਾਰ ਰੁਪਏ ਵਸੂਲੀ ਕਰਦਾ ਸੀ। ਉਹ ਆਪਣੀ ਐੱਮ. ਐੱਲ. ਏ. ਦੀ ਪਾਵਰ ਰਾਹੀਂ ਪਾਰਕਿੰਗ ਠੇਕੇਦਾਰ ਨੂੰ ਬਲੈਕਮੇਲ ਕਰਕੇ ਉਸ ਕੋਲੋਂ ਪੈਸੇ ਲੈਂਦਾ ਸੀ। ਇਸ ਗੱਲ ਦਾ ਖ਼ੁਲਾਸਾ ਸ਼ਿਕਾਇਤਕਰਤਾ ਰਜਿੰਦਰ ਕੁਮਰ ਨਾਮਕ ਠੇਕੇਦਾਰ ਵੱਲੋਂ ਪੁਲਸ ਸਾਹਮਣੇ ਕੀਤਾ ਗਿਆ ਹੈ।

ਠੇਕੇਦਾਰ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਅੱਜ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਵਿਧਾਇਕ ਰਮਨ ਅਰੋੜਾ ਦਾ ਮਾਣਯੋਗ ਅਦਾਲਤ ਤੋਂ 3 ਦਿਨ ਦਾ ਹੋਰ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਸ ਨੇ ਵਿਧਾਇਕ ਰਮਨ ਅਰੋੜਾ ਦਾ 3 ਦਿਨ ਦਾ ਪੁਲਸ ਰਿਮਾਂਡ ਖਤਮ ਹੋਣ ’ਤੇ ਬੀਤੇ ਦਿਨ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਸੀ ਅਤੇ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਉਣ ’ਤੇ ਵਿਧਾਇਕ ਰਮਨ ਅਰੋੜਾ ਦੇ ਹੋਰ ਪੁਲਸ ਰਿਮਾਂਡ ਦੀ ਮੰਗ ਕੀਤੀ ਸੀ, ਜੋ ਕਿ ਜੱਜ ਸਾਹਿਬ ਵੱਲੋਂ ਦੇ ਦਿੱਤਾ ਗਿਆ।

ਵਿਧਾਇਕ ਨੂੰ ਕੋਰਟ ਵਿਚ ਪੇਸ਼ ਕਰਨ ਤੋਂ ਬਾਅਦ ਜਦੋਂ ਵਾਪਸ 3 ਵਜੇ ਥਾਣਾ ਜਲੰਧਰ ਕੈਂਟ ਲਿਆਂਦਾ ਤਾਂ ਸ਼ਾਮ 5 ਵਜੇ ਉਸ ਨੇ ਆਪਣੀ ਸਿਹਤ ਖ਼ਰਾਬ ਹੋਣ ਦੀ ਗੱਲ ਪੁਲਸ ਅਧਿਕਾਰੀਆਂ ਨੂੰ ਕਹੀ, ਜਿਸ ਤੋਂ ਬਾਅਦ ਚੈੱਕਅਪ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਵਿਧਾਇਕ ਨੇ ਛਾਤੀ ਵਿਚ ਦਰਦ ਹੋਣ ਦੀ ਗੱਲ ਕਹੀ ਸੀ। ਸਿਵਲ ਵਿਚ ਚੈੱਕਅਪ ਸਮੇਂ ਕੋਈ ਹਾਰਟ ਸਪੈਸ਼ਲਿਸਟ ਡਾਕਟਰ ਨਾ ਹੋਣ ਕਾਰਨ ਵਿਧਾਇਕ ਰਮਨ ਅਰੋੜਾ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਗਿਆ। ਪੁਲਸ ਰਾਤ ਨੂੰ ਹੀ ਉਸ ਨੂੰ ਲੈ ਕੇ ਅੰਮ੍ਰਿਤਸਰ ਲਈ ਰਵਾਨਾ ਹੋ ਗਈ।