ਅਰਵਿੰਦ ਕੇਜਰੀਵਾਲ ਅਦਾਲਤ ਵਿਚ ਪੇਸ਼ ਹੋਏ ; ਮਿਲੀ ਜ਼ਮਾਨਤ

 ਅਰਵਿੰਦ ਕੇਜਰੀਵਾਲ ਅਦਾਲਤ ਵਿਚ ਪੇਸ਼ ਹੋਏ ; ਮਿਲੀ ਜ਼ਮਾਨਤ

ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਰਾਊਜ਼ ਐਵੇਨਿਊ ਅਦਾਲਤ ਵਿਚ ਪੇਸ਼ ਹੋਏ। ਇਥੇ ਕੇਜਰੀਵਾਲ ਨੂੰ 15 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ ਮਿਲ ਗਈ। ਦਿੱਲੀ ਦੇ ਮੁੱਖ ਮੰਤਰੀ ਨੂੰ ਇਹ ਜ਼ਮਾਨਤ ਆਈਪੀਸੀ ਦੀ ਧਾਰਾ 174 ਦੀ ਉਲੰਘਣਾ ਲਈ ਦਿਤੀ ਗਈ ਹੈ। ਦਰਅਸਲ, ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਵਾਰ-ਵਾਰ ਸੰਮਨ ਭੇਜਣ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਪੁੱਛਗਿੱਛ ਲਈ ਪੇਸ਼ ਨਹੀਂ ਹੋ ਰਹੇ ਸਨ। ਅਜਿਹੇ 'ਚ ਈਡੀ ਨੇ ਕੇਜਰੀਵਾਲ ਵਿਰੁਧ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਸੀ।

ਈਡੀ ਨੇ ਹੁਣ ਤਕ ਕੇਜਰੀਵਾਲ ਨੂੰ 8 ਸੰਮਨ ਜਾਰੀ ਕੀਤੇ ਹਨ। ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਅਰਵਿੰਦ ਕੇਜਰੀਵਾਲ ਨੂੰ ਸੰਮਨ ਜਾਰੀ ਕਰਕੇ 16 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਸੀ। ਈਡੀ ਨੇ ਮਨੀ ਲਾਂਡਰਿੰਗ ਜਾਂਚ 'ਚ ਸੰਮਨ ਦੀ ਪਾਲਣਾ ਨਾ ਕਰਨ 'ਤੇ ਅਰਵਿੰਦ ਕੇਜਰੀਵਾਲ 'ਤੇ ਮੁਕੱਦਮਾ ਚਲਾਉਣ ਦੀ ਬੇਨਤੀ ਕਰਦੇ ਹੋਏ ਅਦਾਲਤ 'ਚ ਨਵੀਂ ਸ਼ਿਕਾਇਤ ਦਰਜ ਕੀਤੀ ਸੀ।