- Updated: February 19, 2026 07:18 PM
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਟ੍ਰਾਈਸਿਟੀ ਰਿੰਗ ਰੋਡ ਪ੍ਰੋਜੈਕਟ ਦੇ ਤਹਿਤ ਨੈਸ਼ਨਲ ਹਾਈਵੇ -205A (ਅੰਬਾਲਾ-ਚੰਡੀਗੜ੍ਹ ਸੈਕਸ਼ਨ ਤੋਂ ਜ਼ੀਰਕਪੁਰ ਬਾਈਪਾਸ) 'ਤੇ 6-ਲੇਨ ਗ੍ਰੀਨਫੀਲਡ ਸਪੁਰ ਦੇ ਨਿਰਮਾਣ ਲਈ ₹1,463.95 ਕਰੋੜ ਦੀ ਮਨਜ਼ੂਰੀ ਦੇਣ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਜੀ ਦਾ ਦਿਲੋਂ ਧੰਨਵਾਦ ਕੀਤਾ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਇਤਿਹਾਸਕ ਪ੍ਰੋਜੈਕਟ ਟ੍ਰਾਈਸਿਟੀ ਖੇਤਰ ਚੰਡੀਗੜ੍ਹ, ਮੋਹਾਲੀ ਤੇ ਪੰਚਕੁਲਾ ਨੂੰ ਭਾਰੀ ਟ੍ਰੈਫਿਕ ਜਾਮ ਤੋਂ ਵੱਡੀ ਰਾਹਤ ਪ੍ਰਦਾਨ ਕਰੇਗਾ। ਇਸ ਨਾਲ ਨਾ ਸਿਰਫ਼ ਆਵਾਜਾਈ ਸੁਗਮ ਹੋਵੇਗੀ, ਸਗੋਂ ਖੇਤਰ ਦੀ ਆਰਥਿਕ ਗਤੀਵਿਧੀਆਂ ਨੂੰ ਵੀ ਨਵੀਂ ਰਫ਼ਤਾਰ ਮਿਲੇਗੀ।
ਉਨ੍ਹਾਂ ਨੇ ਕਿਹਾ ਕਿ ਇਸ 6-ਲੇਨ ਗ੍ਰੀਨਫੀਲਡ ਸਪੁਰ ਦੇ ਨਿਰਮਾਣ ਨਾਲ ਹਿਮਾਚਲ ਪ੍ਰਦੇਸ਼ (ਖਾਸ ਕਰਕੇ ਸ਼ਿਮਲਾ ) ਤੱਕ ਤੇਜ਼ ਅਤੇ ਨਿਰਵਿਘਨ ਕਨੈਕਟੀਵਿਟੀ ਯਕੀਨੀ ਬਣੇਗੀ। ਸੜਕ ਸੁਰੱਖਿਆ ਵਿੱਚ ਵਾਧਾ ਹੋਵੇਗਾ ਅਤੇ ਪ੍ਰਦੂਸ਼ਣ ਵਿੱਚ ਕਮੀ ਆਵੇਗੀ, ਜਿਸ ਨਾਲ ਲੋਕਾਂ ਦੀ ਜ਼ਿੰਦਗੀ ਹੋਰ ਸੁਖਦਾਈ ਬਣੇਗੀ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੀ ਇਹ ਸੁਗਾਤ ਪੰਜਾਬ ਦੀ ਤਰੱਕੀ ਨੂੰ ਇੱਕ ਨਵੀਂ ਗਤੀ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ‘ਡਬਲ ਇੰਜਣ’ ਵਾਲੀ ਭਾਜਪਾ ਸਰਕਾਰ ਬਣੇਗੀ, ਤਾਂ ਵਿਕਾਸ ਦੀ ਇਹ ਰਫ਼ਤਾਰ ਕਈ ਗੁਣਾ ਵੱਧ ਜਾਵੇਗੀ ਅਤੇ ਸਾਡਾ ਪੰਜਾਬ ਸਹੀ ਮਾਇਨਿਆਂ ਵਿੱਚ ਇੱਕ ‘ਵਿਕਸਿਤ ਪੰਜਾਬ’ ਬਣੇਗਾ।