- Updated: February 18, 2026 05:45 PM
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 'ਤੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਗਵੰਤ ਮਾਨ ਦੇ ਪਰਿਵਾਰ ਨੇ ਇੱਥੋਂ ਪੈਸਾ ਇਕੱਠਾ ਕਰਕੇ ਆਸਟ੍ਰੇਲੀਆ ਵਿਚ 2500 ਕਿੱਲੇ ਜ਼ਮੀਨ ਖਰੀਦੀ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਪੈਸਾ ਅਸੀਂ ਵਾਪਸ ਲੈ ਕੇ ਆਵਾਂਗੇ। ਸੁਖਬੀਰ ਬਾਦਲ ਨੇ ਇਹ ਵੀ ਆਖ਼ਿਆ ਕਿ ਆਸਟ੍ਰੇਲੀਆ ਵਿਚ ਜ਼ਮੀਨ ਖਰੀਦਣ ਵਾਲੀ ਗੱਲ ਦਾ ਪਤਾ ਕੇਂਦਰ ਨੂੰ ਵੀ ਲੱਗ ਗਿਆ ਹੈ ਤੇ ਉਨ੍ਹਾਂ ਨੇ ਇਸ ਦੀ ਫ਼ਾਈਲ ਵੀ ਬਣਾ ਲਈ ਹੈ। ਹੁਣ ਇਸੇ ਫ਼ਾਈਲ ਦਾ ਡਰ ਪਾ ਕੇ ਭਗਵੰਤ ਮਾਨ ਨੂੰ ਐੱਸ. ਵਾਈ. ਐੱਲ. ਨਹਿਰ ਬਣਾ ਕੇ ਹਰਿਆਣੇ ਨੂੰ ਪਾਣੀ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਸੁਖਬੀਰ ਨੇ ਕਿਹਾ ਕਿ ਪਿਛਲੀ ਮੀਟਿੰਗ ਵਿਚ ਸਾਫ਼ ਦਿਸ ਰਿਹਾ ਸੀ ਕਿ ਭਗਵੰਤ ਮਾਨ ਹਰਿਆਣੇ ਨੂੰ ਪਾਣੀ ਦੇਣ ਦਾ ਮਨ ਬਣਾਈ ਬੈਠਾ ਹੈ। ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਭਗਵੰਤ ਮਾਨ ਤੇ ਦਿੱਲੀ ਵਾਲੀਆਂ ਹੋਰ ਪਾਰਟੀਆਂ ਨੂੰ ਸਪੱਸ਼ਟ ਕੀਤਾ ਕਿ ਪੰਜਾਬ ਕੋਲ ਇਕ ਬੂੰਦ ਪਾਣੀ ਵੀ ਵਾਧੂ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਾਨੂੰ ਆਪਣਾ ਖ਼ੂਨ ਡੋਲ੍ਹਣਾ ਪੈ ਜਾਵੇ, ਇਕ ਬੂੰਦ ਪਾਣੀ ਵੀ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਵਾਂਗੇ।