- Updated: June 02, 2025 03:48 PM
ਰਾਜਸਥਾਨ ਦੇ ਚਿਤੌੜਗੜ੍ਹ 'ਚ ਇਕ ਸੇਵਾਮੁਕਤ ਸਹਾਇਕ ਸਬ ਇੰਸਪੈਕਟਰ (ASI) ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਸੋਮਵਾਰ ਨੂੰ ਕਿਹਾ ਕਿ ਕੁਝ ਹਥਿਆਰਬੰਦ ਵਿਅਕਤੀਆਂ ਨੇ ਇਕ ਹੋਟਲ 'ਚ 33 ਸਾਲਾ ਨੌਜਵਾਨ 'ਤੇ ਗੋਲੀਬਾਰੀ ਕੀਤੀ। ਪੁਲਸ ਨੇ ਦੱਸਿਆ ਕਿ ਬੱਜਰੀ ਵਿਵਾਦ ਨੂੰ ਲੈ ਕੇ ਪੁਰਾਣਾ ਝਗੜਾ ਇਸ ਕਤਲ ਦਾ ਕਾਰਨ ਹੋ ਸਕਦਾ ਹੈ। ਇਹ ਘਟਨਾ ਐਤਵਾਰ ਰਾਤ ਕੋਤਵਾਲੀ ਥਾਣਾ ਖੇਤਰ ਦੇ ਸੇਮਲਪੁਰਾ ਚੌਰਾਹੇ ਦੇ ਨੇੜੇ ਇਕ ਹੋਟਲ 'ਚ ਵਾਪਰੀ। ਪੁਲਸ ਅਨੁਸਾਰ, ਨਿੰਬੇੜਾ ਦਾ ਰਹਿਣ ਵਾਲਾ ਪੀੜਤ ਅਜੈਰਾਜ ਸਿੰਘ ਝਾਲਾ ਆਪਣੇ ਤਿੰਨ ਦੋਸਤਾਂ ਨਾਲ ਹੋਟਲ 'ਚ ਖਾਣਾ ਖਾ ਰਿਹਾ ਸੀ। ਪੁਲਸ ਅਨੁਸਾਰ ਲਗਭਗ 25 ਹਮਲਾਵਰ 7 ਗੱਡੀਆਂ 'ਚ ਸਵਾਰ ਹੋ ਕੇ ਆਏ ਅਤੇ ਹੋਟਲ ਨੂੰ ਘੇਰ ਲਿਆ। ਉਨ੍ਹਾਂ 'ਚੋਂ ਕੁਝ ਨੇ ਆਪਣੇ ਚਿਹਰੇ ਤੌਲੀਏ ਜਾਂ ਸਾਫ਼ੇ ਨਾਲ ਢੱਕੇ ਹੋਏ ਸਨ। ਹਮਲਾਵਰਾਂ ਨੇ ਕਈ ਗੋਲੀਆਂ ਚਲਾਈਆਂ। ਵਧੀਕ ਪੁਲਸ ਸੁਪਰਡੈਂਟ ਸਰਿਤਾ ਸਿੰਘ ਨੇ ਕਿਹਾ,"ਦੋਵਾਂ ਧਿਰਾਂ ਵਿਚਕਾਰ ਹੋਏ ਝਗੜੇ ਦੀ ਜਾਂਚ ਕੀਤੀ ਜਾ ਰਹੀ ਹੈ।"
ਉਨ੍ਹਾਂ ਕਿਹਾ ਕਿ ਗੋਲੀਬਾਰੀ ਦੀ ਘਟਨਾ 'ਚ ਸ਼ਾਮਲ ਦੋਸ਼ੀਆਂ ਦੀ ਭਾਲ ਲਈ ਕਈ ਪੁਲਸ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਜੈਰਾਜ ਨੂੰ ਗੋਲੀ ਲੱਗੀ ਅਤੇ ਉਹ ਮੌਕੇ 'ਤੇ ਹੀ ਡਿੱਗ ਪਿਆ। ਪੁਲਸ ਨੇ ਕਿਹਾ ਕਿ ਹਮਲਾਵਰਾਂ 'ਚੋਂ ਦੋ ਦੀ ਪਛਾਣ ਬਦਨਾਮ ਅਪਰਾਧੀ ਭੈਰੂਲਾਲ ਗੁਰਜਰ ਅਤੇ ਦਿੱਗੀ ਰਾਜ ਸਿੰਘ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਕਥਿਤ ਤੌਰ 'ਤੇ ਅਜੈਰਾਜ ਨੂੰ ਘਸੀਟ ਕੇ ਹੋਟਲ ਦੀ ਪਹਿਲੀ ਮੰਜ਼ਿਲ ਤੋਂ ਸੁੱਟ ਦਿੱਤਾ। ਪੁਲਸ ਨੇ ਕਿਹਾ ਕਿ ਹਮਲਾਵਰਾਂ ਨੇ ਕੰਪਲੈਕਸ ਤੋਂ ਬਾਹਰ ਨਿਕਲਦੇ ਸਮੇਂ 2 ਵਾਹਨਾਂ ਨੂੰ ਅੱਗ ਲਗਾ ਦਿੱਤੀ। ਅਜੈਰਾਜ ਦੇ ਦੋਸਤਾਂ ਨੇ ਉਸ ਨੂੰ ਨੇੜਲੇ ਨਿੱਜੀ ਹਸਪਤਾਲ ਪਹੁੰਚਾਇਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਘਟਨਾ ਨਾਲ ਹੰਗਾਮਾ ਹੋਇਆ ਅਤੇ ਸੋਮਵਾਰ ਸਵੇਰੇ ਵੱਡੀ ਗਿਣਤੀ 'ਚ ਸਥਾਨਕ ਲੋਕ ਹਸਪਤਾਲ ਦੇ ਮੁਰਦਾਘਰ ਦੇ ਬਾਹਰ ਇਕੱਠੇ ਹੋ ਗਏ ਅਤੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕਰਦੇ ਹੋਏ ਧਰਨਾ ਦਿੱਤਾ। ਪਰਿਵਾਰ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੱਕ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ।