- Updated: February 27, 2023 11:56 AM
ਉੱਤਰ-ਪੂਰਬ ਦੇ ਦੋ ਸੂਬਿਆਂ ਮੇਘਾਲਿਆ ਤੇ ਨਾਗਾਲੈਂਡ ’ਚ ਸੋਮਵਾਰ ਨੂੰ ਵਿਧਾਨ ਸਭਾ ਚੋਣਾਂ ਹਨ। ਦੋਵਾਂ ਸੂਬਿਆਂ ’ਚ ਬਹੁਕੋਣੀ ਮੁਕਾਬਲਾ ਹੋਣਾ ਹੈ ਤੇ 60 ’ਚੋਂ ਕੁੱਲ 59 ਵਿਧਾਨ ਸਭਾ ਖੇਤਰਾਂ ’ਚ ਸੋਮਵਾਰ ਨੂੰ ਵੋਟਾਂ ਪੈਣਗੀਆਂ। ਸਵੇਰੇ ਸੱਤ ਵਜੇ ਤੋਂ ਸ਼ਾਮ ਚਾਰ ਵਜੇ ਤੱਕ ਹੀ ਵੋਟਾਂ ਪਾਈਆਂ ਜਾਣਗੀਆਂ। ਦੋਵਾਂ ਸੂਬਿਆਂ ’ਚ ਸਖ਼ਤ ਸੁਰੱਖਿਆ ਵਿਵਸਥਾ ਦਰਮਿਆਨ ਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। 27 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਦੇ ਨਤੀਜੇ ਦੋ ਮਾਰਚ ਨੂੰ ਆਉਣਗੇ।
ਮੇਘਾਲਿਆ ’ਚ ਬਹੁਕੋਣੀ ਮੁਕਾਬਲੇ ’ਚ ਚਾਰ ਰਾਸ਼ਟਰੀ ਦਰਜੇ ਵਾਲੀਆਂ ਭਾਜਪਾ, ਕਾਂਗਰਸ, ਨੈਸ਼ਨਲ ਪੀਪਲਜ਼ ਪਾਰਟੀ (ਐੱਨਪੀਪੀ) ਤੇ ਤ੍ਰਿਣਮੂਲ ਕਾਂਗਰਸ ਸਮੇਤ ਕੁੱਲ 13 ਸਿਆਸੀ ਪਾਰਟੀਆਂ ਇਨ੍ਹਾਂ ਚੋਣਾਂ ’ਚ ਆਪਣੀ ਕਿਸਮਤ ਅਜਮਾਉਣਗੀਆਂ। ਭਾਜਪਾ ਤੇ ਕਾਂਗਰਸ ਨੇ ਸਾਰੀਆਂ 60 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ ਜਦਕਿ ਤ੍ਰਿਣਮੂਲ ਨੇ ਕੁੱਲ 56 ਉਮੀਦਵਾਰ ਉਤਾਰੇ ਹਨ। ਮੁੱਖ ਮੰਤਰੀ ਕੋਨਰਾਡ ਕੇ. ਸੰਗਮਾ ਦੀ ਅਗਵਾਈ ਵਾਲੀ ਐੱਨਪੀਪੀ ਨੇ ਚੋਣ ਮੈਦਾਨ ’ਚ 57 ਉਮੀਦਵਾਰ ਉਤਾਰੇ ਹਨ। ਸੂਬੇ ’ਚ 32 ਔਰਤਾਂ ਸਣੇ 329 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਣਾ ਹੈ।
ਮੇਘਾਲਿਆ ਦੇ ਮੁੱਖ ਚੋਣ ਅਧਿਕਾਰੀ ਐੱਫਆਰ ਖਾਰਕੋਂਗੋਰ ਨੇ ਦੱਸਿਆ ਕਿ ਬਦਕਿਸਮਤੀ ਨਾਲ ਸੋਹਿਯੋਂਗ ਵਿਧਾਨ ਸਭਾ ਸੀਟ ਦੇ ਉਮੀਦਵਾਰ ਦਾ ਹਸਪਤਾਲ ’ਚ ਦੇਹਾਂਤ ਹੋ ਗਿਆ ਹੈ, ਇਸ ਲਈ ਇਸ ਸੀਟ ’ਤੇ ਚੋਣਾਂ ਬਾਅਦ ’ਚ ਕਰਵਾਈਆਂ ਜਾਣਗੀਆਂ। ਸੂਬੇ ਦੇ 12 ਜ਼ਿਲ੍ਹਿਆਂ ’ਚ ਮਤਦਾਨ ਲਈ 3482 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਗਾਰੋ ਹਿਲਜ਼ ’ਚ ਫੁਲਬਾਰੀ ’ਚ ਦੋ ਪਾਰਟੀਆਂ ਦੇ ਮੈਂਬਰਾਂ ਵਿਚਾਲੇ ਝੜਪ ਦੀ ਇਕ ਮਾਮੂਲੀ ਘਟਨਾ ਹੋਈ ਸੀ ਪਰ ਇਸ ਤੋਂ ਇਲਾਵਾ ਕੋਈ ਹੋਰ ਘਟਨਾ ਨਹੀਂ ਵਾਪਰੀ। ਇਸ ਮਾਮਲੇ ’ਚ 31 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਈਸਟ ਖਾਸੀ ਹਿਲ ਜ਼ਿਲ੍ਹੇ ’ਚ ਜ਼ੀਰੋ ਲਾਈਨ ਨੇੜੇ ਵੱਡੀ ਗਿਣਤੀ ’ਚ ਨਕਦੀ ਬਰਾਮਦ ਕੀਤੀ ਗਈ ਹੈ। ਚੋਣ ਕਮਿਸ਼ਨ ਨੇ ਹੁਕਮ ਦਿੱਤਾ ਹੈ ਕਿ ਬੰਗਲਾਦੇਸ਼ ਨਾਲ ਲੱਗੀ 443 ਕਿੱਲੋਮੀਟਰ ਲੰਬੀ ਕੌਮਾਂਤਰੀ ਸਰਹੱਦ ਤੇ ਸੂਬੇ ਦੀਆਂ ਹੱਦਾਂ ਮੇਘਾਲਿਆ ਚੋਣਾਂ ਕਾਰਨ 24 ਫਰਵਰੀ ਤੋਂ ਦੋ ਮਾਰਚ ਤੱਕ ਸੀਲ ਰੱਖੀਆਂ ਜਾਣਗੀਆਂ। ਚੋਣ ਕਮਿਸ਼ਨ ਨੇ ਮੇਘਾਲਿਆ ’ਚ ਸੈਂਟਰਲ ਆਰਮਡ ਪੁਲਿਸ ਫੋਰਸਿਸ (ਸੀਏਪੀਐੱਫ) ਦੀਆਂ 119 ਕੰਪਨੀਆਂ ਤਾਇਨਾਤ ਕੀਤੀਆਂ ਹਨ।
ਇਸੇ ਤਰ੍ਹਾਂ ਨਾਗਾਲੈਂਡ ’ਚ ਵੀ ਕੁੱਲ 60 ’ਚੋਂ 59 ਵਿਧਾਨ ਸਭਾ ਸੀਟਾਂ ’ਤੇ ਹੀ ਸੋਮਵਾਰ ਨੂੰ ਵੋਟਾਂ ਪੈਣਗੀਆਂ। ਕਿਉਂਕਿ ਬੀਤੀ 10 ਫਰਵਰੀ ਨੂੰ ਨਾਮਜ਼ਦਗੀ ਵਾਪਸ ਲੈਣ ਦੇ ਆਖ਼ਰੀ ਦਿਨ ਕਾਂਗਰਸੀ ਉਮੀਦਵਾਰ ਐੱਨ. ਖੇਕਸ਼ੇ ਸੁਮੀ ਦੇ ਆਪਣੀ ਨਾਮਜ਼ਦਗੀ ਵਾਪਸ ਲੈਣ ਤੋਂ ਬਾਅਦ ਭਾਜਪਾ ਉਮੀਦਵਾਰ ਕਝੇਟੋ ਕਿਨਿਮੀ ਨੂੰ ਬਿਨਾਂ ਵਿਰੋਧ ਜੇਤੂ ਐਲਾਨ ਦਿੱਤਾ ਜਾ ਚੁੱਕਾ ਹੈ। ਇੱਥੇ ਜ਼ਿਆਦਾਤਰ ਸੀਟਾਂ ’ਤੇ ਤਿ੍ਰਕੋਣੇ ਤੋਂ ਬਹੁਕੋਣੀ ਮੁਕਾਬਲਾ ਹੋਣਾ ਹੈ। ਨਾਗਾਲੈਂਡ ’ਚ ਭਾਜਪਾ ਨੇ ਸਾਲ 2018 ਤੋਂ ਨੈਸ਼ਨਲਿਸਟ ਡੈਮੋਕ੍ਰੇਟਿਕ ਪ੍ਰੋਗਰੈਸਿਵ ਪਾਰਟੀ (ਐੱਨਡੀਪੀਪੀ) ਨਾਲ ਗਠਜੋੜ ਕੀਤਾ ਹੈ। ਭਾਜਪਾ ਇਸ ਗਠਜੋੜ ’ਚ ਛੋਟੇ ਭਰਾ ਦੀ ਭੂਮਿਕਾ ’ਚ ਹੈ। ਦੋਵਾਂ ਪਾਰਟੀਆਂ ਵਿਚਾਲੇ 20:40 ਦੇ ਅਨੁਪਾਤ ’ਚ ਸੀਟਾਂ ਦੀ ਵੰਡ ਹੋਈ ਹੈ ਜਦਕਿ ਕਾਂਗਰਸ ਤੇ ਨਗਾ ਪੀਪਲਜ਼ ਫਰੰਟ ਕ੍ਰਮਵਾਰ 23 ਤੇ 22 ਸੀਟਾਂ ’ਤੇ ਚੋਣਾਂ ਲੜ ਰਹੇ ਹਨ। ਨਾਗਾਲੈਂਡ ’ਚ ਕੁੱਲ 13,17,632 ਵੋਟਰਾਂ ਲਈ 2351 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਮੁੱਖ ਚੋਣ ਅਧਿਕਾਰੀ ਵੀ. ਸ਼ਸ਼ਾਂਕ ਸ਼ੇਖਰ ਨੇ ਦੱਸਿਆ ਕਿ ਨਾਗਾਲੈਂਡ ’ਚ 305 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਸਾਰੇ ਸੰਵੇਦਨਸ਼ੀਲ ਬੂਥਾਂ ’ਤੇ ਸੀਸੀਟੀਵੀ ਨਾਲ ਨਿਗਰਾਨੀ ਹੋਵੇਗੀ। 72 ਘੰਟਿਆਂ ਲਈ ਕੌਮਾਂਤਰੀ ਸਰੱਹਦ ਸੀਲ ਕੀਤੀ ਗਈ ਹੈ। ਵੋਖਾ ’ਚ ਚੋਣਾਂ ਤੋਂ ਪਹਿਲਾਂ ਹੋਈ ਹਿੰਸਾ ਤੋਂ ਬਾਅਦ ਸੁਰੱਖਿਆ ਬਲਾਂ ਦੀ ਗਸ਼ਤ ਵਧਾ ਦਿੱਤੀ ਗਈ ਹੈ।