16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਯੂਟਿਊਬ ਅਕਾਊਂਟ ’ਤੇ ਆਸਟਰੇਲੀਆ ਨੇ ਲਗਾਈ ਪਾਬੰਦੀ

 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਯੂਟਿਊਬ ਅਕਾਊਂਟ ’ਤੇ ਆਸਟਰੇਲੀਆ ਨੇ ਲਗਾਈ ਪਾਬੰਦੀ

ਆਸਟਰੇਲੀਆ ਸਰਕਾਰ ਨੇ ਯੂਟਿਊਬ ਨੂੰ ਵੀ ਉਨ੍ਹਾਂ ਸੋਸ਼ਲ ਮੀਡੀਆ ਮੰਚਾਂ ’ਚ ਸ਼ਾਮਲ ਕਰ ਦਿਤਾ ਹੈ ਜਿਨ੍ਹਾਂ ਨੂੰ ਦਸੰਬਰ ਤੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਬੰਦ ਕਰ ਦਿਤਾ ਜਾਵੇਗਾ। ਪਾਬੰਦੀ ਅਧੀਨ ਬੱਚੇ ਯੂਟਿਊਬ ਦੀ ਵਰਤੋਂ ਕਰ ਸਕਣਗੇ ਪਰ ਉਨ੍ਹਾਂ ਨੂੰ ਅਪਣੇ ਯੂਟਿਊਬ ਖਾਤੇ ਰੱਖਣ ਦੀ ਇਜਾਜ਼ਤ ਨਹੀਂ ਹੋਵੇਗੀ। 

ਯੂਟਿਊਬ ਨੂੰ ਪਿਛਲੇ ਸਾਲ ਨਵੰਬਰ ਵਿਚ ਛੋਟ ਦੇ ਤੌਰ ਉਤੇ ਸੂਚੀਬੱਧ ਕੀਤਾ ਗਿਆ ਸੀ ਜਦੋਂ ਸੰਸਦ ਨੇ ਦੁਨੀਆਂ ਦਾ ਪਹਿਲਾ ਕਾਨੂੰਨ ਪਾਸ ਕੀਤਾ ਸੀ ਜਿਸ ਅਧੀਨ 16 ਸਾਲ ਤੋਂ ਘੱਟ ਉਮਰ ਦੇ ਆਸਟ੍ਰੇਲੀਆਈ ਬੱਚਿਆਂ ਉਤੇ ਫੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ, ਟਿਕਟਾਕ ਅਤੇ ‘ਐਕਸ’ ਵਰਗੇ ਮੰਚਾਂ ਦੇ ਪ੍ਰਯੋਗ ਉਤੇ ਪਾਬੰਦੀ ਹੋਵੇਗੀ। 

ਸੰਚਾਰ ਮੰਤਰੀ ਅਨਿਕਾ ਵੇਲਜ਼ ਨੇ ਬੁਧਵਾਰ ਨੂੰ ਨਿਯਮ ਜਾਰੀ ਕੀਤੇ ਜੋ ਇਹ ਫੈਸਲਾ ਕਰਦੇ ਹਨ ਕਿ ਕਿਹੜੀਆਂ ਆਨਲਾਈਨ ਸੇਵਾਵਾਂ ਨੂੰ ‘ਉਮਰ-ਸੀਮਤ ਸੋਸ਼ਲ ਮੀਡੀਆ ਮੰਚ’ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ ਅਤੇ ਕਿਹੜੀਆਂ ਉਮਰ ਸੀਮਾ ਤੋਂ ਬਚਦੀਆਂ ਹਨ। 

ਇਕ ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਉਮਰ ਦੀਆਂ ਪਾਬੰਦੀਆਂ 10 ਦਸੰਬਰ ਤੋਂ ਲਾਗੂ ਹੋਣਗੀਆਂ ਅਤੇ ਮੰਚਾਂ ਨੂੰ ਘੱਟ ਉਮਰ ਦੇ ਖਾਤਾਧਾਰਕਾਂ ਨੂੰ ਬਾਹਰ ਰੱਖਣ ਲਈ ਜ਼ਿੰਮੇਵਾਰ ਕਦਮ ਚੁੱਕਣ ਵਿਚ ਅਸਫਲ ਰਹਿਣ ’ਤੇ 5 ਕਰੋੜ ਆਸਟ੍ਰੇਲੀਆਈ ਡਾਲਰ ਤਕ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ। 

ਵੇਲਜ਼ ਨੇ ਯੂਟਿਊਬ ਉਤੇ ਪਾਬੰਦੀਆਂ ਲਾਗੂ ਕਰਨ ਦਾ ਬਚਾਅ ਕੀਤਾ ਅਤੇ ਕਿਹਾ ਕਿ ਸਰਕਾਰ ਪਲੇਟਫਾਰਮ ਦੇ ਅਮਰੀਕੀ ਮਾਲਕ ਅਲਫਾਬੇਟ ਇੰਕ ਤੋਂ ਕਾਨੂੰਨੀ ਕਾਰਵਾਈ ਦੀਆਂ ਧਮਕੀਆਂ ਤੋਂ ਨਹੀਂ ਡਰੇਗੀ।