ਭਾਜਪਾ ’ਚ ਨਵਜੋਤ ਸਿੱਧੂ ਦੀ ਹੋ ਸਕਦੀ ਹੈ ਵਾਪਸੀ, ਯੁਵਰਾਜ ਸਿੰਘ ਵੀ ਲੜ ਸਕਦੇ ਨੇ ਲੋਕ ਸਭਾ ਚੋਣ

ਭਾਜਪਾ ’ਚ ਨਵਜੋਤ ਸਿੱਧੂ ਦੀ ਹੋ ਸਕਦੀ ਹੈ ਵਾਪਸੀ, ਯੁਵਰਾਜ ਸਿੰਘ ਵੀ ਲੜ ਸਕਦੇ ਨੇ ਲੋਕ ਸਭਾ ਚੋਣ

ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਨਾਲ ਹੀ ਚਰਚਾਵਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਇਸ ਵਿਚਾਲੇ ਖ਼ਬਰਾਂ ਹਨ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਭਾਜਪਾ ਵਿਚ ਵਾਪਸੀ ਕਰ ਸਕਦੇ ਹਨ। ਪਿਛਲੇ ਕੁੱਝ ਦਿਨਾਂ ਤੋਂ ਕਈ ਕਾਂਗਰਸ ਆਗੂਆਂ ਨਾਲ ਉਨ੍ਹਾਂ ਦੇ ਸਬੰਧ ਤਣਾਅਪੂਰਨ ਬਣੇ ਹੋਏ ਹਨ। ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਨਾਲ ਉਨ੍ਹਾਂ ਦੀ ਗੱਲਬਾਤ ਜਾਰੀ ਹੈ। ਭਾਜਪਾ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਲਈ ਟਿਕਟ ਦੇ ਸਕਦੀ ਹੈ। ਖ਼ਬਰਾਂ ਹਨ ਕਿ ਭਾਜਪਾ ਸਿੱਧੂ ਨੂੰ ਇਕ ਵਾਰ ਫਿਰ ਅੰਮ੍ਰਿਤਸਰ ਤੋਂ ਚੋਣ ਮੈਦਾਨ ਵਿਚ ਉਤਾਰ ਸਕਦੀ ਹੈ। ਹਾਲਾਂਕਿ ਕਾਂਗਰਸੀ ਆਗੂ ਜਾਂ ਉਨ੍ਹਾਂ ਦੀ ਟੀਮ ਵਲੋਂ ਇਸ ਸਬੰਧੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਕਰੀਬੀ ਲੋਕਾਂ ਵਿਚ ਗਿਣੇ ਜਾਂਦੇ ਹਨ।

ਉਧਰ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੇ ਭਾਜਪਾ 'ਚ ਸ਼ਾਮਲ ਹੋਣ ਨੂੰ ਲੈ ਕੇ ਵੀ ਕਾਫੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਕੁੱਝ ਦਿਨ ਪਹਿਲਾਂ ਉਨ੍ਹਾਂ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਵੀ ਮੁਲਾਕਾਤ ਕੀਤੀ ਸੀ। ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀਆਂ ਖ਼ਬਰਾਂ ਅਨੁਸਾਰ ਭਾਜਪਾ ਉਨ੍ਹਾਂ ਨੂੰ ਪੰਜਾਬ ਦੇ ਗੁਰਦਾਸਪੁਰ ਤੋਂ ਉਮੀਦਵਾਰ ਬਣਾ ਸਕਦੀ ਹੈ। ਸੰਨੀ ਦਿਓਲ ਗੁਰਦਾਸਪੁਰ ਤੋਂ ਮੌਜੂਦਾ ਸੰਸਦ ਮੈਂਬਰ ਹਨ। ਹਾਲ ਹੀ ਵਿਚ ਗੁਰਦਾਸਪੁਰ ਵਿਚ ਉਸ ਦੇ ਲਾਪਤਾ ਹੋਣ ਸਬੰਧੀ ਪੋਸਟਰ ਲਾਏ ਗਏ ਸਨ। ਸੰਸਦ ਵਿਚ ਵੀ ਉਨ੍ਹਾਂ ਦੀ ਮੌਜੂਦਗੀ ਬਹੁਤ ਘੱਟ ਰਹੀ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਨੂੰ ਗੁਰਦਾਸਪੁਰ ਤੋਂ ਨਵੇਂ ਚਿਹਰੇ ਦੀ ਤਲਾਸ਼ ਸੀ। ਯੁਵਰਾਜ ਸਿੰਘ ਦੇ ਨਾਂਅ ਨੂੰ ਲੈ ਕੇ ਪਾਰਟੀ 'ਚ ਕਾਫੀ ਚਰਚਾ ਚੱਲ ਰਹੀ ਹੈ। ਇਸ ਤੋਂ ਪਹਿਲਾਂ ਭਾਜਪਾ ਨੇ ਇਥੋਂ ਵਿਨੋਦ ਖੰਨਾ ਨੂੰ ਵੀ ਮੈਦਾਨ ਵਿਚ ਉਤਾਰਿਆ ਸੀ। ਹਾਲਾਂਕਿ ਸਾਬਕਾ ਕ੍ਰਿਕਟਰ ਨੇ ਇਸ ਸਬੰਧੀ ਕੋਈ ਪ੍ਰਤੀਕਿਰਿਆ ਨਹੀਂ ਦਿਤੀ ਹੈ।