ਹਾਈ ਕੋਰਟ ''ਚ ਅਮਿਤਾਭ ਬੱਚਨ ਦੀ ਪੋਤੀ ਆਰਾਧਿਆ ਨੇ ਦਾਇਰ ਕੀਤੀ ਪਟੀਸ਼ਨ।

ਹਾਈ ਕੋਰਟ ''ਚ ਅਮਿਤਾਭ ਬੱਚਨ ਦੀ ਪੋਤੀ ਆਰਾਧਿਆ ਨੇ ਦਾਇਰ ਕੀਤੀ ਪਟੀਸ਼ਨ।

ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਪੋਤੀ ਆਰਾਧਿਆ ਬੱਚਨ ਯੂਟਿਊਬ 'ਤੇ ਚੱਸ ਰਹੇ ਫੇਕ ਵੀਡੀਓ ਤੋਂ ਇੰਨੀ ਨਾਰਾਜ਼ ਹੋ ਗਈ ਕਿ ਉਸ ਨੇ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਵਾ ਦਿੱਤੀ ਹੈ। ਇਸ ਪਟੀਸ਼ਨ 'ਚ ਉਸ ਨੇ ਮੰਗ ਕੀਤੀ ਕਿ ਅਦਾਲਤ ਸਰਕਾਰ ਅਤੇ ਸੋਸ਼ਲ ਮੀਡੀਆ ਚੈਨਲਾਂ ਨੂੰ ਮੇਰੇ ਬਾਰੇ ਫੈਲ ਰਹੀਆਂ ਵੀਡੀਓਜ਼ ਨੂੰ ਤੁਰੰਤ ਹਟਾਉਣ ਦਾ ਹੁਕਮ ਦੇਵੇ। 

                                                Image

ਦਿੱਲੀ ਹਾਈ ਕੋਰਟ ਦੇ ਜਸਟਿਸ ਸੀ ਹਰੀਸ਼ੰਕਰ ਨੇ ਆਪਣੇ ਆਦੇਸ਼ 'ਚ ਯੂਟਿਊਬ ਚੈਨਲਾਂ ਨੂੰ ਕਿਹਾ ਕਿ ਉਹ ਆਰਾਧਿਆ ਦੀ ਸਿਹਤ ਨਾਲ ਸਬੰਧਤ ਕੋਈ ਵੀ ਵੀਡੀਓ ਸ਼ੇਅਰ ਨਹੀਂ ਕਰਨਗੇ। ਆਰਾਧਿਆ ਵਲੋਂ ਵਕੀਲ ਦਯਾ ਕ੍ਰਿਸ਼ਨਨ ਪੇਸ਼ ਹੋਏ। ਜਸਟਿਸ ਸੀ ਹਰੀਸ਼ੰਕਰ ਨੇ ਯੂਟਿਊਬ ਦੇ ਵਕੀਲ ਨੂੰ ਪੁੱਛਿਆ ਕਿ ਉਹ ਕੋਈ ਨੀਤੀ ਕਿਉਂ ਨਹੀਂ ਬਣਾਉਂਦੇ ਤਾਂ ਕਿ ਅਜਿਹੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਚੈਨਲ 'ਤੇ ਨਾ ਚੱਲ ਸਕਣ। ਜਸਟਿਸ ਨੇ ਮਮਤਾ ਰਾਣੀ ਨੂੰ ਕਿਹਾ ਕਿ ਤੁਸੀਂ ਲੋਕ ਅਜਿਹੀਆਂ ਅਫਵਾਹਾਂ ਫੈਲਾਉਣ ਲਈ ਪਲੇਟਫਾਰਮ ਮੁਹੱਈਆ ਕਰਵਾਉਂਦੇ ਹੋ?

                                              Image

ਜਸਟਿਸ ਨੇ ਕਿਹਾ ਇਹ ਅਖਬਾਰ ਦੀ ਤਰ੍ਹਾਂ ਹੈ ਕਿ ਅਸੀਂ ਸਿਰਫ ਕਾਗਜ਼ ਅਤੇ ਸਿਆਹੀ ਪ੍ਰਦਾਨ ਕਰ ਰਹੇ ਹਾਂ। ਤੁਸੀਂ ਜੋ ਵੀ ਮਹਿਸੂਸ ਕਰਦੇ ਹੋ ਲਿਖੋ। ਤੁਸੀਂ ਅਜਿਹੇ ਵੀਡੀਓਜ਼ ਨੂੰ ਆਪਣੇ ਪਲੇਟਫਾਰਮ 'ਤੇ ਚਲਾ ਕੇ ਕਾਫੀ ਪੈਸਾ ਕਮਾ ਰਹੇ ਹੋ ਤਾਂ ਤੁਹਾਡੀ ਇਹ ਵੀ ਜਿੰਮੇਵਾਰੀ ਬਣਦੀ ਹੈ ਕਿ ਯੂਜ਼ਰਸ 'ਤੇ ਲਗਾਮ ਲਗਾਉਣ ਲਈ ਕੁਝ ਠੋਸ ਕਦਮ ਚੁੱਕੋ। 

                                                Image

ਐਸ਼ਵਰਿਆ ਅਤੇ ਅਭਿਸ਼ੇਕ ਬੱਚਨ ਦੀ ਧੀ ਆਰਾਧਿਆ ਦੀ ਤਰਫੋਂ ਅਦਾਲਤ 'ਚ ਦਿੱਤੀ ਗਈ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਦੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਨੂੰ Morphed ਕਰਕੇ ਯੂਟਿਊਬ 'ਤੇ ਅਪਲੋਡ ਕੀਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਉਸ ਬਾਰੇ ਬੇਬੁਨਿਆਦ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ 'ਤੇ ਕੁਝ ਅਜਿਹੀਆਂ ਵੀਡੀਓਜ਼ ਹਨ, ਜਿਨ੍ਹਾਂ 'ਚ ਕਿਹਾ ਗਿਆ ਹੈ ਕਿ ਆਰਾਧਿਆ ਦੀ ਸਿਹਤ ਠੀਕ ਨਹੀਂ ਹੈ।

ਇੱਕ ਵੀਡੀਓ 'ਚ ਤਾਂ ਇਹ ਵੀ ਕਿਹਾ ਗਿਆ ਹੈ ਕਿ ਉਸ ਦੀ ਮੌਤ ਹੋ ਗਈ ਹੈ। ਇੱਕ ਵੀਡੀਓ 'ਚ ਦਾਅਵਾ ਕੀਤਾ ਗਿਆ ਹੈ ਕਿ ਬੱਚਨ ਪਰਿਵਾਰ ਨੇ ਆਰਾਧਿਆ ਦੇ ਇਲਾਜ ਲਈ ਕੋਈ ਕਦਮ ਨਹੀਂ ਚੁੱਕਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਅਜਿਹੀਆਂ ਬੇਬੁਨਿਆਦ ਖ਼ਬਰਾਂ ਤੋਂ ਪੂਰਾ ਪਰਿਵਾਰ ਪ੍ਰੇਸ਼ਾਨ ਹੈ। ਇਸ ਲਈ ਹਾਈਕੋਰਟ ਨੂੰ ਸਰਕਾਰ ਅਤੇ ਯੂਟਿਊਬ ਨੂੰ ਅਜਿਹੇ ਵੀਡੀਓ ਅਤੇ ਤਸਵੀਰਾਂ ਨੂੰ ਸੋਸ਼ਲ ਮੀਡੀਆ ਚੈਨਲਾਂ ਤੋਂ ਤੁਰੰਤ ਪ੍ਰਭਾਵ ਨਾਲ ਹਟਾਉਣ ਦੇ ਹੁਕਮ ਦੇਣ।