ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ''ਤੇ ਵੱਡੀ ਸਾਈਕਲ ਰੈਲੀ ਨੂੰ ਦਿਤੀ ਹਰੀ ਝੰਡੀ,ਆਖੀਆਂ ਇਹ ਗੱਲਾਂ

ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ''ਤੇ ਵੱਡੀ ਸਾਈਕਲ ਰੈਲੀ ਨੂੰ ਦਿਤੀ ਹਰੀ ਝੰਡੀ,ਆਖੀਆਂ ਇਹ ਗੱਲਾਂ

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ 'ਤੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਵਿਖੇ ਸਾਈਕਲ ਰੈਲੀ ਕੱਢੀ ਜਾ ਰਹੀ ਹੈ। ਇਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਖੁਦ ਵੀ ਸਾਈਕਲ ਚਲਾਇਆ।ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਦੇਸ਼ ਦੀ ਸੱਭ ਤੋਂ ਵੱਡੀ ਸਾਈਕਲ ਰੈਲੀ ਕੱਢੀ ਗਈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਕੋਈ ਸਿਆਸੀ ਰੈਲੀ ਨਹੀਂ ਹੈ। ਇਹ ਰੈਲੀ ਕਿਸੇ ਕਿਸਮ ਦੀ ਤਾਕਤ ਦਾ ਪ੍ਰਦਰਸ਼ਨ ਨਹੀਂ ਹੈ। ਇਸ ਰੈਲੀ ਦਾ ਮਕਸਦ ਨਸ਼ਿਆਂ ਦੀ ਦਲਦਲ ਵਿਚ ਫਸੇ ਨੌਜਵਾਨਾਂ ਨੂੰ ਬਾਹਰ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸੱਭ ਤੋਂ ਵੱਧ ਸ਼ਹੀਦ ਹੋਏ ਹਨ ਅਤੇ ਅੱਜ ਸ਼ਹੀਦਾਂ ਦੀ ਧਰਤੀ ਤੋਂ ਨਸ਼ਾ ਖਤਮ ਕਰਨਾ ਹੈ।

                Image

ਪੰਜਾਬ ਦੀ ਧਰਤੀ 'ਤੇ ਤਲਵਾਰਾਂ ਤੇ ਤੀਰਾਂ ਦੇ ਹਮਲੇ ਸਹਿ ਚੁੱਕੇ ਹਨ। ਹੁਣ ਨਸ਼ੇ ਦਾ ਹਮਲਾ ਵੀ ਪੰਜਾਬ ਦੀ ਧਰਤੀ ਤੋਂ ਹੋ ਗਿਆ ਹੈ। ਪੰਜਾਬ ਨੇ ਹਰ ਹਮਲੇ ਦਾ ਮੂੰਹਤੋੜ ਜਵਾਬ ਦਿਤਾ ਹੈ। ਹੁਣ ਨਸ਼ਾ ਵੀ ਖਤਮ ਹੋ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਅੱਜ ਪੰਜਾਬ ਵਿਚ ਨਸ਼ੇ ਦੇ ਖਾਤਮੇ ਦੀ ਲਹਿਰ ਸ਼ੁਰੂ ਹੋ ਗਈ ਹੈ। ਜਿਹੜਾ ਪੰਜਾਬ ਕਦੇ ਨਸ਼ਿਆਂ ਦੀ ਦਲਦਲ ਵਿਚ ਬੁਰੀ ਤਰ੍ਹਾਂ ਫਸਿਆ ਹੋਇਆ ਸੀ, ਅੱਜ ਫਿਰ ਤੋਂ ਗਿੱਧੇ ਅਤੇ ਭੰਗੜੇ ਦਾ ਪੰਜਾਬ ਬਣਨ ਲੱਗ ਪਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਰ ਸਾਲ 2200 ਪੁਲਿਸ ਮੁਲਾਜ਼ਮ ਭਰਤੀ ਕੀਤੇ ਜਾਣਗੇ।ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦਸਿਆ ਕਿ ਸਾਈਕਲ ਰੈਲੀ ਵਿਚ ਚੁਣੇ ਗਏ 151 ਪ੍ਰਤੀਯੋਗੀਆਂ ਨੂੰ ਇਨਾਮ ਵਜੋਂ ਸਾਈਕਲ ਭੇਂਟ ਕੀਤੇ ਜਾਣਗੇ। ਰੈਲੀ ਵਿਚ 20 ਹਜ਼ਾਰ ਤੋਂ ਵੱਧ ਸਾਈਕਲਿਸਟ ਪਹੁੰਚੇ ਹਨ। ਪੁਲਿਸ ਕਮਿਸ਼ਨਰ ਨੇ ਦਸਿਆ ਕਿ ਇਹ ਰੈਲੀ 13 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ, ਸ਼ਹੀਦ ਭਗਤ ਸਿੰਘ ਦੇ ਪਿੰਡ ਜੱਦੀ ਪਿੰਡ ਖਟਕੜ ਕਲਾਂ ਅਤੇ ਸ਼ਹੀਦ ਸੁਖਦੇਵ ਥਾਪਰ ਦੇ ਘਰ ਨੌਘਾਰਾ ਤੋਂ ਮਿੱਟੀ ਲਿਆਂਦੀ ਗਈ, ਜਿਸ ਨੂੰ ਮੁੱਖ ਮੰਤਰੀ ਨੇ ਸਿਜਦਾ ਕੀਤਾ।

ਕਰਤਾਰ ਸਿੰਘ ਸਰਾਭਾ ਦੀ ਜ਼ਿੰਦਗੀ ਬਾਰੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਸ ਜ਼ਮਾਨੇ 'ਚ ਕਰਤਾਰ ਸਿੰਘ ਸਰਾਭਾ ਕੈਲੀਫੋਰਨੀਆ ਦੀ ਯੂਨੀਵਰਸਿਟੀ 'ਚੋਂ ਪਾਇਲਟ ਦਾ ਕੋਰਸ ਕਰਕੇ ਆਏ ਸੀ। ਜਦੋਂ ਉਨ੍ਹਾਂ ਦਾ ਪੰਜਾਬ ਆ ਕੇ ਗਦਰੀ ਬਾਬਿਆਂ ਨਾਲ ਮੇਲ ਹੋਇਆ ਤਾਂ ਉਨ੍ਹਾਂ ਨੇ ਆਪਣੀ ਜਿੰਦੜੀ ਦੇਸ਼ ਨੂੰ ਸੌਂਪ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ 'ਤੇ ਛੁੱਟੀ ਪਿਕਨਿਕ ਮਨਾਉਣ ਲਈ ਨਹੀਂ ਕੀਤੀ, ਸਗੋਂ ਇਸ ਲਈ ਕੀਤੀ ਹੈ ਕਿ ਬੱਚੇ ਅੱਜ ਆਪਣੇ ਮਾਪਿਆਂ ਨੂੰ ਪੁੱਛਣਗੇ ਕਿ ਸਕੂਲ 'ਚ ਅੱਜ ਕਿਉਂ ਛੁੱਟੀ ਕੀਤੀ ਗਈ ਹੈ ਤਾਂ ਫਿਰ ਮਾਪੇ ਬੱਚਿਆਂ ਨੂੰ ਦੱਸਣਗੇ ਕਿ ਕਰਤਾਰ ਸਿੰਘ ਸਰਾਭਾ ਨੇ ਦੇਸ਼ ਦੀ ਆਜ਼ਾਦੀ ਖ਼ਾਤਰ ਕੁਰਬਾਨੀ ਦਿੱਤੀ ਸੀ, ਜਿਸ ਕਾਰਨ ਉਨ੍ਹਾਂ ਦੇ ਸ਼ਹੀਦੀ ਦਿਹਾੜੇ 'ਤੇ ਅੱਜ ਸਕੂਲਾਂ 'ਚ ਛੁੱਟੀ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਅੱਜ ਅਖ਼ਬਾਰਾਂ 'ਚ ਪਹਿਲੀ ਵਾਰ ਕਰਤਾਰ ਸਿੰਘ ਸਰਾਭਾ ਜੀ ਦੇ ਨਾਲ ਜਿਹੜੇ 7 ਸਾਥੀ ਹੋਰ ਸੀ, ਉਨ੍ਹਾਂ ਦੀ ਵੀ ਫੋਟੋ ਛਪੀ ਹੈ। ਕੁੱਲ 8 ਬੰਦਿਆਂ ਨੂੰ ਫਾਂਸੀ ਦਿੱਤੀ ਗਈ ਸੀ ਅਤੇ 7 ਬੰਦਿਆਂ ਨੂੰ ਕਦੇ ਕਿਸੇ ਨੇ ਪੁੱਛਿਆ ਹੀ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦਾਂ ਨੂੰ ਪਤਾ ਸੀ ਕਿ ਆਜ਼ਾਦੀ ਤਾਂ ਆ ਜਾਵੇਗੀ ਪਰ ਇਸ ਤੋਂ ਬਾਅਦ ਮੁਲਕ ਕਿਹੜੇ ਹੱਥਾਂ 'ਚ ਜਾਵੇਗੀ, ਇਸ ਗੱਲ ਦਾ ਉਨ੍ਹਾਂ ਨੂੰ ਡਰ ਸੀ। ਉਨ੍ਹਾਂ ਨੇ ਲੋਕਾਂ ਨੂੰ ਸ਼ਹੀਦਾਂ ਦਾ ਡਰ ਖ਼ਤਮ ਕਰਨ ਲਈ ਕਿਹਾ ਅਤੇ ਪੰਜਾਬ ਨੂੰ ਖ਼ੁਸ਼ਹਾਲ ਅਤੇ ਰੰਗਲਾ ਪੰਜਾਬ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਤਰੱਕੀ ਵੱਲ ਵੱਧ ਰਿਹਾ ਹੈ। ਨੌਜਵਾਨਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ। ਪੰਜਾਬ ਪੁਲਸ ਬਾਰੇ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਪੁਲਸ 'ਚ ਹਰ ਸਾਲ ਭਰਤੀ ਹੋਇਆ ਕਰੇਗੀ ਅਤੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਕੰਮਕਾਰ ਵੱਲ ਧਿਆਨ ਦੇਣ, ਪੰਜਾਬ ਸਰਕਾਰ ਉੁਨ੍ਹਾਂ ਦੇ ਨਾਲ ਖੜ੍ਹੀ ਹੈ।