- Updated: June 12, 2025 01:55 PM
ਇਕ ਪਾਸੇ ਜਿੱਥੇ ਭਾਰਤ-ਪਾਕਿ ਵਿਚਾਲੇ ਤਾਜ਼ਾ ਜੰਗ ਦੇ ਹਾਲਾਤਾਂ ਮਗਰੋਂ ਕੁਝ ਸ਼ਾਂਤੀ ਹੋਈ ਹੈ, ਉੱਥੇ ਹੀ ਭਾਰਤ ਨੂੰ ਆਪਣਾ ਦੋਸਤ ਦੱਸਣ ਵਾਲੇ ਅਮਰੀਕਾ ਨੇ ਭਾਰਤ ਨੂੰ ਇਕ ਵੱਡਾ ਝਟਕਾ ਦਿੰਦੇ ਹੋਏ ਪਾਕਿਸਤਾਨ ਦੇ ਫ਼ੌਜ ਮੁਖੀ ਆਸਿਮ ਮੁਨੀਰ ਨੂੰ 14 ਜੂਨ ਨੂੰ ਅਮਰੀਕੀ ਫ਼ੌਜ ਦੀ 250ਵੀਂ ਵਰ੍ਹੇਗੰਢ ਮਨਾਉਣ ਲਈ ਵਾਸ਼ਿੰਗਟਨ ਆਉਣ ਦਾ ਸੱਦਾ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਉਹ 12 ਜੂਨ ਨੂੰ ਅਮਰੀਕਾ ਪਹੁੰਚ ਜਾਣਗੇ ਤੇ ਅਮਰੀਕੀ ਫ਼ੌਜ ਦੇ ਇਸ ਇਤਿਹਾਸਕ ਦਿਨ 'ਚ ਸ਼ਮੂਲੀਅਤ ਕਰਨਗੇ। ਇਸ ਦਿਨ ਅਮਰੀਕੀ ਫ਼ੌਜ ਇਕ ਪਰੇਡ ਕਰੇਗੀ, ਜਿਸ 'ਚ 6,600 ਫ਼ੌਜੀ ਜਵਾਨ ਹਿੱਸਾ ਲੈਣਗੇ। ਇਸ ਤੋਂ ਇਲਾਵਾ 150 ਫ਼ੌਜੀ ਵਾਹਨ ਤੇ 50 ਫ਼ੌਜੀ ਜਹਾਜ਼ ਵੀ ਇਸ ਪਰੇਡ ਨੂੰ ਚਾਰ ਚੰਨ ਲਾਉਣਗੇ।
ਇਸ ਦੌਰਾਨ ਆਸਿਮ ਮੁਨੀਰ ਅਮਰੀਕੀ ਫ਼ੌਜ ਦੇ ਮੁਖੀਆਂ ਨਾਲ ਵੀ ਪੈਂਟਾਗਨ ਵਿਖੇ ਮੁਲਾਕਾਤ ਕਰ ਸਕਦੇ ਹਨ, ਜਿਸ ਦੌਰਾਨ ਪਾਕਿਸਤਾਨ ਤੇ ਅਮਰੀਕਾ ਵਿਚਾਲੇ ਦੁਵੱਲੇ ਸੁਰੱਖਿਆ ਮੁੱਦਿਆਂ ਬਾਰੇ ਚਰਚਾ ਹੋ ਸਕਦੀ ਹੈ। ਇਸ ਤੋਂ ਇਲਾਵਾ ਅਮਰੀਕਾ ਪਾਕਿਸਤਾਨ ਨੂੰ ਅਫ਼ਗਾਨਿਸਤਾਨ ਤੇ ਭਾਰਤ ਨੂੰ ਨਿਸ਼ਾਨਾ ਬਣਾਉਣ ਵਾਲੇ ਅੱਤਵਾਦੀ ਸੰਗਠਨਾਂ 'ਤੇ ਸਖ਼ਤ ਕਾਰਵਾਈ ਕਰਨ ਬਾਰੇ ਵੀ ਅਪੀਲ ਕਰ ਸਕਦਾ ਹੈ।
ਜ਼ਿਕਰਯੋਗ ਹੈ ਕਿ 22 ਅਪ੍ਰੈਲ ਨੂੰ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ 'ਚ 26 ਟੂਰਿਸਟਾਂ ਦੀ ਮੌਤ ਹੋ ਗਈ ਸੀ, ਜਿਸ ਦਾ ਬਦਲਾ ਲੈਣ ਲਈ ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਸੀ, ਜਿਸ ਦੇ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਜੰਗ ਵਰਗੇ ਹਾਲਾਤ ਬਣ ਗਏ ਸਨ। ਅੰਤ 10 ਮਈ ਨੂੰ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ 'ਤੇ ਸਮਝੌਤਾ ਹੋਇਆ ਤੇ ਹੁਣ ਸਥਿਤੀ ਕੁਝ ਹੱਦ ਤੱਕ ਸ਼ਾਂਤ ਹੈ। ਉੱਥੇ ਹੀ ਜਿੱਥੇ ਅਮਰੀਕਾ ਆਪਣੇ ਆਪ ਨੂੰ ਭਾਰਤ ਦਾ ਚੰਗਾ ਦੋਸਤ ਕਹਿੰਦਾ ਹੈ, ਉਸ ਦਾ ਹੁਣ ਪਾਕਿਸਤਾਨ ਦੇ ਫੌਜ ਮੁਖੀ ਨੂੰ ਸੱਦਾ ਦੇਣਾ ਭਾਰਤ ਲਈ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।