ਔਰਤਾਂ ਨੂੰ ਲੈ ਕੇ  ਵਿਧਾਨ ਸਭਾ ’ਚ ਨਿਤੀਸ਼ ਨੇ ਕੀਤੀ ਅਸ਼ਲੀਲ ਟਿੱਪਣੀ, ਫਿਰ ਮੰਗੀ ਮੁਆਫ਼ੀ। 

 ਔਰਤਾਂ ਨੂੰ ਲੈ ਕੇ  ਵਿਧਾਨ ਸਭਾ ’ਚ ਨਿਤੀਸ਼ ਨੇ ਕੀਤੀ ਅਸ਼ਲੀਲ ਟਿੱਪਣੀ, ਫਿਰ ਮੰਗੀ ਮੁਆਫ਼ੀ। 

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜਾਤੀ ਆਧਾਰਿਤ ਮਰਦਮਸ਼ੁਮਾਰੀ ’ਤੇ ਸਦਨ ’ਚ ਚਰਚਾ ਦੌਰਾਨ ਆਬਾਦੀ ਕੰਟਰੋਲ ਨੂੰ ਲੈ ਕੇ ਅਜਿਹਾ ਕੁਝ ਕਿਹਾ ਕਿ ਸਦਨ ’ਚ ਮੌਜੂਦ ਮਰਦ ਅਤੇ ਮਹਿਲਾ ਵਿਧਾਇਕਾਂ ਨੂੰ ਵੀ ਸ਼ਰਮ ਮਹਿਸੂਸ ਹੋਈ। ਲੋਕ ਨਿਤੀਸ਼ ਕੁਮਾਰ ਦੇ ਇਸ ਬਿਆਨ ਨੂੰ ਬੇਹੱਦ ਅਸ਼ਲੀਲ ਦੱਸ ਰਹੇ ਹਨ।

ਦਰਅਸਲ ਜਾਤੀ ਆਧਾਰਿਤ ਮਰਦਮਸ਼ੁਮਾਰੀ ਨੂੰ ਲੈ ਕੇ ਵਿਧਾਨ ਸਭਾ ’ਚ ਪੇਸ਼ ਕੀਤੀ ਗਈ ਰਿਪੋਰਟ ’ਤੇ ਚਰਚਾ ਹੋ ਰਹੀ ਸੀ। ਇਸ ਦੌਰਾਨ ਨਿਤੀਸ਼ ਕੁਮਾਰ ਨੇ ਕਿਹਾ ਕਿ ਜਦੋਂ ਵਿਆਹ ਹੁੰਦਾ ਹੈ ਤਾਂ ਮਰਦ ਰੋਜ਼ ਰਾਤ ਨੂੰ ਸਰੀਰਕ ਸਬੰਧਤ ਚਾਹੁੰਦਾ ਹੈ, ਉਸੇ ਨਾਲ ਬੱਚਾ ਪੈਦਾ ਹੋ ਜਾਂਦਾ ਹੈ ਪਰ ਜੇਕਰ ਲੜਕੀ ਪੜ੍ਹੀ-ਲਿਖੀ ਹੋਵੇਗੀ ਆਬਾਦੀ ਕੰਟਰੋਲ 'ਚ ਹੋਵੇਗੀ। ਸਿੱਖਿਆ ਹਾਸਲ ਕਰਨ ਮਗਰੋਂ ਇਕ ਔਰਤ ਜਾਣਦੀ ਹੈ ਕਿ ਆਬਾਦੀ ਨੂੰ ਕਿਵੇਂ ਰੋਕਣਾ ਹੈ। ਇਹ ਹੀ ਕਾਰਨ ਹੈ ਕਿ ਜਨਮ ਦਰ ਵਿਚ ਕਮੀ ਆ ਰਹੀ ਹੈ।

ਓਧਰ ਮਹਿਲਾ ਭਾਜਪਾ ਐੱਮ. ਐੱਲ. ਸੀ. ਨਿਵੇਦਿਤਾ ਸਿੰਘ ਨੇ ਰੋਂਦੇ ਹੋਏ ਨਿਤੀਸ਼ ਕੁਮਾਰ ਦੇ ਭਾਸ਼ਣ ’ਤੇ ਇਤਰਾਜ਼ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਨਾਲ ਸਦਨ ਵਿਚ ਨਹੀਂ ਬੋਲਣਾ ਚਾਹੀਦਾ ਸੀ। ਮੁੱਖ ਮੰਤਰੀ ਦੇ ਖਿਲਾਫ ਪ੍ਰਤੀਕਿਰਿਆਵਾਂ ਆਉਣ ’ਤੇ ਡਿਪਟੀ ਸੀ. ਐੱਮ. ਤੇਜਸਵੀ ਯਾਦਵ ਨਿਤੀਸ਼ ਕੁਮਾਰ ਦੇ ਬਚਾਅ ਵਿਚ ਅੱਗੇ ਆ ਗਏ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸੈਕਸ ਐਜੁਕੇਸ਼ਨ ਦੀ ਗੱਲ ਕਰ ਰਹੇ ਸਨ।

ਹਾਲਾਂਕਿ ਸਦਨ ਵਿਚ ਦਿੱਤੇ ਬਿਆਨ ਕਾਰਨ ਖੜ੍ਹੇ ਹੋਏ ਵਿਵਾਦ ਮਗਰੋਂ ਨਿਤੀਸ਼ ਕੁਮਾਰ ਨੇ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਕਿਹਾ ਕਿ ਮੈਂ ਤਾਂ ਬਸ ਔਰਤਾਂ ਦੀ ਸਿੱਖਿਆ ਦੀ ਗੱਲ ਕੀਤੀ ਸੀ। ਮੇਰੀ ਕੋਈ ਗੱਲ ਗਲਤ ਸੀ ਤਾਂ ਮੈਂ ਮੁਆਫ਼ੀ ਮੰਗਦਾ ਹਾਂ। ਉਹ ਆਪਣੇ ਬਿਆਨ 'ਤੇ ਸ਼ਰਮਿੰਦਾ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਆਪਣਾ ਬਿਆਨ ਵਾਪਸ ਲੈਣ ਦੀ ਗੱਲ ਆਖੀ।