- Updated: April 19, 2025 12:16 PM
ਬਿਹਾਰ ਦੇ ਦਰਭੰਗਾ ਜ਼ਿਲ੍ਹੇ ਵਿੱਚ ਇੱਕ 17 ਸਾਲਾ ਲੜਕਾ, ਜਿਸਨੂੰ ਮ੍ਰਿਤਕ ਸਮਝ ਕੇ ਇੱਕ ਮਹੀਨੇ ਤੋਂ ਵੱਧ ਸਮਾਂ ਪਹਿਲਾਂ ਸਸਕਾਰ ਕਰ ਦਿੱਤਾ ਗਿਆ ਸੀ, ਜ਼ਿੰਦਾ ਵਾਪਸ ਆ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਨਾਬਾਲਗ਼ ਦੇ ਪਰਵਾਰ ਨੂੰ ਸਰਕਾਰ ਵਲੋਂ 4 ਲੱਖ ਰੁਪਏ ਦਾ ਮੁਆਵਜ਼ਾ ਵੀ ਮਿਲਿਆ ਹੈ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਉਸਦੀ ਮੌਤ 26 ਫ਼ਰਵਰੀ ਨੂੰ ਰੇਲਗੱਡੀ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਹੋਈ ਸੀ।
ਦਰਭੰਗਾ ਸਬ-ਡਿਵੀਜ਼ਨਲ ਪੁਲਿਸ ਅਧਿਕਾਰੀ (ਐਸਡੀਪੀਓ) ਅਮਿਤ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਉਸ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸਦਾ ਸਸਕਾਰ ਕੀਤਾ ਗਿਆ ਸੀ। ਪੁਲਿਸ ਜ਼ਿੰਦਾ ਵਾਪਸ ਆਏ ਮੁੰਡੇ ਤੋਂ ਵੀ ਪੁੱਛਗਿੱਛ ਕਰੇਗੀ, ਕਿਉਂਕਿ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸਨੂੰ ਕੁਝ ਲੋਕਾਂ ਨੇ ਅਗਵਾ ਕਰ ਲਿਆ ਸੀ।’’ ਸਥਾਨਕ ਲੋਕਾਂ ਅਨੁਸਾਰ, ਨਾਬਾਲਗ਼ ਦੇ ਪਰਿਵਾਰ ਨੇ 8 ਫ਼ਰਵਰੀ ਨੂੰ ਮਾਭੀ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ।
ਪੁਲਿਸ ਨੇ ਕਿਹਾ, ‘‘26 ਫ਼ਰਵਰੀ ਨੂੰ, ਅੱਲਾਲਪੱਟੀ ਖੇਤਰ ’ਚ ਰੇਲਵੇ ਟਰੈਕ ਦੇ ਨੇੜੇ ਇੱਕ ਵਿਗੜੀ ਹੋਈ ਲਾਸ਼ ਮਿਲੀ ਸੀ।’’ ਲਾਸ਼ ਦੀ ਪਛਾਣ ਨਹੀਂ ਹੋ ਸਕੀ ਪਰ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇਹ ਲਾਪਤਾ ਮੁੰਡੇ ਦੀ ਲਾਸ਼ ਸੀ ਜਿਸ ਤੋਂ ਬਾਅਦ ਲਾਸ਼ ਪਰਿਵਾਰ ਦੇ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਪੁਲਿਸ ਅਨੁਸਾਰ, ਨਾਬਾਲਗ਼ ਵੀਰਵਾਰ ਨੂੰ ਦਰਭੰਗਾ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਇਆ ਅਤੇ ਦਾਅਵਾ ਕੀਤਾ ਕਿ ਉਸਨੂੰ ਅਗਵਾ ਕੀਤਾ ਗਿਆ ਸੀ। ਉਸਨੇ ਅਦਾਲਤ ਨੂੰ ਦੱਸਿਆ ਕਿ ਉਹ ਆਪਣੇ ਇਲਾਕੇ ਵਿੱਚ ਕ੍ਰਿਕਟ ਖੇਡ ਰਿਹਾ ਸੀ ਜਦੋਂ ਤਿੰਨ-ਚਾਰ ਆਦਮੀ ਉਸ ਕੋਲ ਆਏ ਅਤੇ ਕੱਪੜੇ ਨਾਲ ਉਸਦਾ ਮੂੰਹ ਬੰਦ ਕਰ ਦਿੱਤਾ। ਉਸ ਅਨੁਸਾਰ, ਉਸਨੂੰ ਯਾਦ ਨਹੀਂ ਕਿ ਇਸ ਤੋਂ ਬਾਅਦ ਕੀ ਹੋਇਆ।
ਮੁੰਡੇ ਦੇ ਬਿਆਨ ਅਨੁਸਾਰ, ਬਾਅਦ ਵਿੱਚ ਪਤਾ ਲੱਗਾ ਕਿ ਉਸਨੂੰ ਨੇਪਾਲ ਲਿਜਾਇਆ ਗਿਆ ਸੀ। ਹਾਲਾਂਕਿ, ਉਹ ਆਪਣੇ ਅਗਵਾਕਾਰਾਂ ਤੋਂ ਆਜ਼ਾਦ ਹੋਣ ਵਿੱਚ ਕਾਮਯਾਬ ਹੋ ਗਿਆ ਅਤੇ ਅੰਤ ਵਿੱਚ ਘਰ ਵਾਪਸ ਆ ਗਿਆ। ਮੁੰਡੇ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਉਸਨੇ ਪਹਿਲਾਂ ਆਪਣੇ ਭਰਾ ਨੂੰ ਵੀਡੀਓ ਕਾਲ ਕੀਤੀ ਸੀ ਅਤੇ ਉਸਨੂੰ ਦੱਸਿਆ ਸੀ ਕਿ ਉਹ ਜ਼ਿੰਦਾ ਹੈ। ਮੁੰਡੇ ਦੇ ਅਨੁਸਾਰ, ਉਸਦਾ ਭਰਾ ਉਸਨੂੰ ਵਾਪਸ ਲਿਆਉਣ ਲਈ ਨੇਪਾਲ ਗਿਆ ਸੀ। ਇਸ ਤੋਂ ਬਾਅਦ, ਉਸਨੇ ਪੁਲਿਸ ਕੋਲ ਕੇਸ ਦਰਜ ਕਰਨ ਦੀ ਬਜਾਏ, ਸਿੱਧੇ ਅਦਾਲਤ ਵਿੱਚ ਪੇਸ਼ ਹੋਣਾ ਚੁਣਿਆ।