ਬਿਕਰਮ ਸਿੰਘ ਮਜੀਠੀਆ ਵੱਲੋਂ ‘ਆਪ’ ਸਰਕਾਰ ‘ਤੇ ਤਿੱਖਾ ਵੱਡਾ ਹਮਲਾ

ਬਿਕਰਮ ਸਿੰਘ ਮਜੀਠੀਆ ਵੱਲੋਂ ‘ਆਪ’ ਸਰਕਾਰ ‘ਤੇ ਤਿੱਖਾ ਵੱਡਾ ਹਮਲਾ

ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸ਼੍ਰੀ ਹਰਿਗੋਬਿੰਦਪੁਰ ਵਿਖੇ 'ਪੰਜਾਬ ਬਚਾਓ ਰੈਲੀ' ਕੀਤੀ ਗਈ। ਇਸ ਦੌਰਾਨ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਸੰਬੋਧਨ ਦੌਰਾਨ ਜਿੱਥੇ ਅਕਾਲੀ ਵੇਲੇ ਦੀ ਸਰਕਾਰ ਦੇ ਕੰਮਾਂ ਦਾ ਜ਼ਿਕਰ ਕੀਤਾ, ਉਥੇ ਹੀ ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਕਾਂਗਰਸ 'ਤੇ ਤੰਜ ਵੀ ਕੱਸੇ। 

ਆਪਣੇ ਸੰਬੋਧਨ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਦਾ ਜਿੰਨਾ ਨੁਕਸਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਹੈ, ਸ਼ਾਇਦ ਹੋਰ ਕੋਈ ਇੰਨਾ ਨੁਕਸਾਨ ਨਹੀਂ ਕਰ ਸਕਿਆ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵਾਕੀਏ 'ਬਦਲਾਅ' ਦੀ ਸਰਕਾਰ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿਚ ਵੱਡਾ 'ਬਦਲਾਅ' ਲਿਆਂਦਾ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਵਿਚ ਚੇਅਰਮੈਨੀਆਂ ਦੇ ਅਹੁਦਿਆਂ ਲਈ ਬੋਲੀਆਂ ਤੱਕ ਲਗਾਈਆਂ ਜਾ ਰਹੀਆਂ ਹਨ। ਅਦਾਲਤ ਤੋਂ ਭਗੌੜੇ ਜਤਿੰਦਰ ਸਿੰਘ ਨੂੰ ਚੇਅਰਮੈਨ ਬਣਾਇਆ ਗਿਆ ਹੈ।

ਇਨ੍ਹਾਂ ਨੇ ਇਕ ਚੇਅਰਮੈਨ ਬਲਾਕ ਸੰਮਤੀ ਦਾ ਬਣਾਇਆ ਹੈ, ਜਿਸ ਦਾ ਨਾਂ ਜਤਿੰਦਰ ਹੈ। 1947 ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਬਣੀਆਂ ਹਨ, ਉਨ੍ਹਾਂ ਵਿਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਲਾਕ ਸੰਮਤੀ ਸ਼੍ਰੀ ਹਰਗੋਬਿੰਦਪੁਰ ਤੋਂ ਜਿਹੜਾ ਚੇਅਰਮੈਨ ਲਗਾਇਆ ਹੈ, ਉਹ ਇਕ ਭਗੌੜਾ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਨਹੀਂ ਚੱਲਣਾ ਕਿ ਪੰਜਾਬ ਨੂੰ ਇਹ ਲੋਕ ਲੁੱਟੀ ਜਾਣ।

Image

ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਥਕ ਪਾਰਟੀ ਨੂੰ ਤਗੜੇ ਕਰਨਾ ਪਵੇਗਾ। ਜੇ ਪੰਥਕ ਪਾਰਟੀ ਮਜ਼ਬੂਤ ਹੋਵੇਗੀ ਤਾਂ ਹੀ ਪੰਜਾਬ ਬਚ ਸਕਦਾ ਹੈ। ਜੇ ਪੰਜਾਬ ਦੀ ਗੱਲ ਕੋਈ ਕਰ ਸਕਦਾ ਹੈ ਤਾਂ ਉਹ ਸਿਰਫ਼ ਅਕਾਲੀ ਦਲ ਹੀ ਕਰ ਸਕਦਾ ਹੈ। ਪੰਜਾਬੀ ਕਿਸੇ ਤੋਂ ਨਹੀਂ ਡਰਦੇ ਹਨ ਅਤੇ ਨਾ ਕਿਸੇ ਅੱਗੇ ਝੁਕੇ ਹਨ। ਭਗਵੰਤ ਮਾਨ ਨੂੰ ਜੁਗਨੂੰ ਕਹਿੰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੇਕਰ ਬਿਕਰਮ ਸਿੰਘ ਮਜੀਠੀਆ ਵੀ ਕਿਸੇ ਅੱਗੇ ਝੁਕੇਗਾ ਤਾਂ ਸਿਰਫ਼ ਗੁਰੂ ਅੱਗੇ ਹੀ ਝੁਕੇਗਾ, ਇਹ ਭਗਵੰਤ ਮਾਨ ਵਰਗੇ ਜੁਗਨੂੰ ਅੱਗੇ ਨਹੀਂ ਝੁੱਕਦਾ। ਇਸ ਮੌਕੇ ਪੁਨਰ ਸੁਰਜੀਤ ਦੇ ਹਲਕਾ ਇੰਚਾਰਜ ਮਾਨ ਨੂੰ ਬਿਕਰਮ ਸਿੰਘ ਮਜੀਠੀਆ ਨੇ ਪਾਰਟੀ ਵਿਚ ਜੁਆਇਨਿੰਗ ਵੀ ਕਰਵਾਈ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਸਿਰੋਪਾਓ ਪਾ ਕੇ ਮਾਨ ਨੂੰ ਪਾਰਟੀ ਵਿਚ ਸ਼ਾਮਲ ਕੀਤਾ।