14 ਦਿਨਾਂ ਦਾ ਵਾਧਾ ਹੋਇਆ Bikram Singh Majithia ਦੀ ਨਿਆਂਇਕ ਹਿਰਾਸਤ ਵਿਚ

14 ਦਿਨਾਂ ਦਾ ਵਾਧਾ ਹੋਇਆ Bikram Singh Majithia ਦੀ ਨਿਆਂਇਕ ਹਿਰਾਸਤ ਵਿਚ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਨਿਆਂਇਕ ਹਿਰਾਸਤ ਦਾ ਸਮਾਂ ਪੂਰਾ ਹੋਣ ’ਤੇ ਅੱਜ ਉਨ੍ਹਾਂ ਨੂੰ ਮੋਹਾਲੀ ਅਦਾਲਤ ਵਿਖੇ ਉਨ੍ਹਾਂ ਦੇ ਵਕੀਲ ਐਚ.ਐਸ. ਧਨੋਆ, ਦਮਨਬੀਰ ਸਿੰਘ ਸੋਬਤੀ ਅਤੇ ਸਹਿ ਵਕੀਲ ਇਕਓਮਪਾਲ ਸਿੰਘ ਦੀ ਮੌਜੂਦਗੀ ਵਿਚ ਵੀਡੀਉ ਕਾਨਫ਼ਰੰਸਿੰਗ ਰਾਹੀਂ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਅਦਾਲਤ ਨੇ ਮਜੀਠੀਆ ਦੀ ਨਿਆਂਇਕ ਹਿਰਾਸਤ 20 ਸਤੰਬਰ ਤਕ ਵਧਾ ਦਿਤੀ ਹੈ। ਇਸ ਮੌਕੇ ਵਿਸ਼ੇਸ਼ ਜੱਜ ਵਿਜੀਲੈਂਸ ਹਰਦੀਪ ਸਿੰਘ ਦੀ ਅਦਾਲਤ ਵਿਚ ਮਜੀਠੀਆ ਦੀ ਬੈਰਕ ਬਦਲੀ ਅਰਜ਼ੀ ’ਤੇ ਜੋ ਫ਼ੈਸਲਾ ਹੋਣਾ ਸੀ, ਉਹ ਹੁਣ 9 ਸਤੰਬਰ ਲਈ ਮੁਲਤਵੀ ਕਰ ਦਿਤਾ ਗਿਆ ਹੈ।

ਇਸ ਦੇ ਨਾਲ ਹੀ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਇਸਤਗਾਸਾ ਪੱਖ ਵਲੋਂ ਦਾਇਰ ਚਾਰਜਸ਼ੀਟ ਦੀ ਹਾਰਡ ਕਾਪੀ ਸਪਲਾਈ ਕਰਨ ਲਈ ਅਦਾਲਤ ਨੇ 9 ਸਤੰਬਰ ਦੀ ਤਰੀਕ ਤੈਅ ਕੀਤੀ ਹੈ। ਕਾਬਿਲ-ਏ-ਗੌਰ ਹੈ ਕਿ ਅੱਜ ਦੀ ਸੁਣਵਾਈ ਮੌਕੇ ਵਿਜੀਲੈਂਸ ਦੇ ਅਧਿਕਾਰੀਆਂ ਸਮੇਤ ਵਿਸ਼ੇਸ਼ ਵਕੀਲ ਫੈਰੀ ਸੋਫ਼ਤ ਅਤੇ ਪ੍ਰੀਤ ਇੰਦਰਪਾਲ ਸਿੰਘ ਵੀ ਮੌਜੂਦ ਰਹੇ।