- Updated: July 28, 2026 02:15 PM
ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ਨੇ ਨਵੀਂ ਪੀੜ੍ਹੀ ਦੀਆਂ ਭਾਰਤੀ ਔਰਤਾਂ ਨੂੰ 'ਗਟਰ' ਕਿਹਾ ਹੈ । ਕੰਗਨਾ ਦਾ ਕਹਿਣਾ ਹੈ ਕਿ ਇਹ ਔਰਤਾਂ ਆਜ਼ਾਦ ਔਰਤਾਂ ਦੀ ਨਕਲ ਕਰਦੇ ਹੋਏ ਨਸ਼ਾ ਕਰਨ, ਸ਼ਰਾਬ ਪੀਣ ਅਤੇ ਅਣਗਿਣਤ ਮਰਦਾਂ ਨਾਲ ਜਿਨਸੀ ਸੰਬੰਧ ਬਣਾਉਣ ਨੂੰ ਆਜ਼ਾਦੀ ਕਹਿੰਦੀਆਂ ਹਨ।
ਕੰਗਣਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ਸੈਕਸ਼ਨ ਵਿੱਚ ਲਿਖਿਆ ਕਿ ਸਭ ਤੋਂ ਸ਼ਰਮਨਾਕ ਗੱਲ ਉਨ੍ਹਾਂ ਨੌਜਵਾਨ ਹਿੰਦੂ ਔਰਤਾਂ ਦਾ ਵਿਵਹਾਰ ਹੈ, ਜੋ ਆਜ਼ਾਦ ਅਤੇ ਕਰੀਅਰ ਬਣਾਉਣ ਵਾਲੀਆਂ ਔਰਤਾਂ ਦੀ ਜ਼ਿੰਦਗੀ ਦੀ ਨਕਲ ਕਰਨਾ ਚਾਹੁੰਦੀਆਂ ਹਨ, ਪਰ ਉਸ ਆਜ਼ਾਦੀ ਨਾਲ ਆਉਣ ਵਾਲੀਆਂ ਜ਼ਿੰਮੇਵਾਰੀਆਂ ਨੂੰ ਨਹੀਂ ਨਿਭਾਉਣਾ ਚਾਹੁੰਦੀਆਂ । ਅਸਲ ਵਿੱਚ ਆਜ਼ਾਦ ਔਰਤਾਂ ਬਾਗੀਆਨਾ ਫ਼ੈਸਲੇ ਲੈਂਦੀਆਂ ਹਨ, ਬੇਬਾਕ ਰਾਏ ਰੱਖਦੀਆਂ ਹਨ, ਪਰੰਪਰਾਵਾਂ ਤੋਂ ਹਟ ਕੇ ਕਰੀਅਰ ਚੁਣਦੀਆਂ ਹਨ ਅਤੇ ਆਪਣੇ ਹਰ ਫ਼ੈਸਲੇ ਦੀ ਪੂਰੀ ਜ਼ਿੰਮੇਵਾਰੀ ਵੀ ਚੁੱਕਦੀਆਂ ਹਨ। ਉਨ੍ਹਾਂ ਨੂੰ ਆਪਣੇ ਕਰਮਾਂ ਦੀ ਕੀਮਤ ਆਪ ਚੁਕਾਉਣੀ ਪੈਂਦੀ ਹੈ। ਉਹ ਆਪਣੇ ਮਾਪਿਆਂ ਜਾਂ ਪਰਿਵਾਰ ਦੀ ਕੀਮਤ 'ਤੇ ਅਜਿਹਾ ਨਹੀਂ ਕਰਦੀਆਂ।'
ਕੰਗਣਾ ਨੇ ਅਗੇ ਲਿਖਿਆ ਕਿ ਅੱਜ ਕਥਿਤ ਵੈਸਟਰਨ ਸੋਚ ਤੋਂ ਪ੍ਰਭਾਵਿਤ ਭਾਰਤੀ ਔਰਤਾਂ ਦੀ ਇੱਕ ਨਵੀਂ ਪੀੜ੍ਹੀ ਸਾਹਮਣੇ ਆਈ ਹੈ । ਮੈਂ ਇਨ੍ਹਾਂ ਨੂੰ 'ਗਟਰ ਜਨਰੇਸ਼ਨ' ਕਹਿੰਦੀ ਹਾਂ । ਇਨ੍ਹਾਂ ਵਿੱਚੋਂ ਕੁੱਝ ਕੋਲ ਸਮਾਜ ਨੂੰ ਦੇਣ ਲਈ ਕੁਝ ਵੀ ਨਹੀਂ ਹੈ । ਉਹ ਪੜ੍ਹਾਈ ਵਿੱਚ ਚੰਗੀਆਂ ਨਹੀਂ ਹਨ, ਪਰ ਇੰਨੀ ਘਟੀਆ ਸੋਚ ਅਤੇ ਭ੍ਰਿਸ਼ਟ ਮਾਨਸਿਕਤਾ ਰੱਖਦੀਆਂ ਹਨ ਕਿ ਚੰਗੀਆਂ ਹਾਊਸਵਾਈਫ਼ ਵੀ ਨਹੀਂ ਬਣ ਸਕਦੀਆਂ।
'ਇਸ ਦੇ ਬਾਵਜੂਦ ਉਹ ਆਪਣੀ ਕਥਿਤ ਆਜ਼ਾਦੀ ਦਾ ਦਿਖਾਵਾ ਕਰਦੀਆਂ ਹਨ, ਨਸ਼ਾ, ਸ਼ਰਾਬ ਅਤੇ ਅਣਗਿਣਤ ਜਿਨਸੀ ਸਬੰਧਾਂ ਨੂੰ ਆਪਣੀ ਆਜ਼ਾਦੀ ਦੱਸਦੀਆਂ ਹਨ। ਬੇਸ਼ਰਮੀ ਨਾਲ ਆਪਣੇ ਮਾਪਿਆਂ ਦੀ ਕਮਾਈ 'ਤੇ ਪਲਦੀਆਂ ਹਨ ਅਤੇ ਲਗਾਤਾਰ ਆਜ਼ਾਦ ਜ਼ਿੰਦਗੀ ਜਿਊਣ ਦੀਆਂ ਗੱਲਾਂ ਕਰਦੀਆਂ ਹਨ, ਜਦੋਂ ਕਿ ਵਾਸਤਵ ਵਿੱਚ ਉਹ ਆਤਮਨਿਰਭਰ ਹੁੰਦੀਆਂ ਹੀ ਨਹੀਂ । ਇੱਕ ਛੋਟੀ ਜਿਹੀ ਯਾਦ ਦਿਵਾ ਦਿਆਂ ਕਿ ਆਜ਼ਾਦ ਜ਼ਿੰਦਗੀ ਕਮਾਉਣੀ ਪੈਂਦੀ ਹੈ । ਜੇਕਰ ਬਿਨਾਂ ਜ਼ਿੰਮੇਵਾਰੀ ਚੁੱਕੇ ਆਜ਼ਾਦ ਬਣਨ ਦੀ ਕੋਸ਼ਿਸ਼ ਕਰੋਗੇ, ਤਾਂ ਤੁਸੀਂ ਸਿਰਫ਼ ਇੱਕ ਘਟੀਆ ਮਾਨਸਿਕਤਾ ਵਾਲੇ ਇਨਸਾਨ ਹੋ, 'ਗਟਰ ਛਾਪ'।'