ਭਾਜਪਾ ਦੇ ਸੀਨੀਅਰ ਆਗੂ ਖ਼ਿਲਾਫ਼ ਵੱਡਾ ਐਕਸ਼ਨ, ''ਇਮੋਸ਼ਨਲ ਫੂਲ'' ਵਾਲੇ ਬਿਆਨ ''ਤੇ ਸਿਆਸਤ ਭਖੀ

ਭਾਜਪਾ ਦੇ ਸੀਨੀਅਰ ਆਗੂ ਖ਼ਿਲਾਫ਼ ਵੱਡਾ ਐਕਸ਼ਨ, ''ਇਮੋਸ਼ਨਲ ਫੂਲ'' ਵਾਲੇ ਬਿਆਨ ''ਤੇ ਸਿਆਸਤ ਭਖੀ

ਭਾਜਪਾ ਚੰਡੀਗੜ੍ਹ ਪ੍ਰਦੇਸ਼ ਵੱਲੋਂ ਵਾਰਡ-14 ਦੇ ਕੌਂਸਲਰ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਕੁਲਜੀਤ ਸਿੰਘ ਸੰਧੂ ਨੂੰ ਪਾਰਟੀ ਲੀਡਰਸ਼ਿਪ ਖ਼ਿਲਾਫ਼ ਜਨਤਕ ਬਿਆਨਬਾਜ਼ੀ ਕਰਨ ਦੇ ਦੋਸ਼ ’ਚ 'ਕਾਰਨ ਦੱਸੋ' ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਅਨੁਸ਼ਾਸਨੀ ਕਾਰਵਾਈ ਅਸਲ ’ਚ ਚੰਡੀਗੜ੍ਹ ਭਾਜਪਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਵੱਲੋਂ ਪੰਜਾਬੀਆਂ ਨੂੰ ‘ਇਮੋਸ਼ਨਲ ਫੂਲ’ ਕਹਿਣ ਵਾਲੇ ਵਿਵਾਦਤ ਬਿਆਨ ਤੋਂ ਬਾਅਦ ਸ਼ੁਰੂ ਹੋਏ ਕਲੇਸ਼ ਦਾ ਸਿੱਧਾ ਨਤੀਜਾ ਹੈ, ਜਿਸ ’ਚ ਕੁਲਜੀਤ ਸੰਧੂ ਨੇ ਨਿਗਮ ਦੀ ਮੀਟਿੰਗ ਦੌਰਾਨ ਆਪਣੀ ਹੀ ਪਾਰਟੀ ਦੇ ਪ੍ਰਧਾਨ ਦਾ ਡਟਵਾਂ ਵਿਰੋਧ ਕਰਦਿਆਂ ਉਨ੍ਹਾਂ ਤੋਂ ਅਸਤੀਫ਼ੇ ਅਤੇ ਮੁਆਫ਼ੀ ਦੀ ਮੰਗ ਕੀਤੀ ਸੀ। ਪਾਰਟੀ ਦੇ ਸੂਬਾ ਜਨਰਲ ਸਕੱਤਰ ਰਾਮਵੀਰ ਭੱਟੀ ਵੱਲੋਂ ਜਾਰੀ ਕੀਤੇ ਇਸ ਨੋਟਿਸ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਭਾਜਪਾ ਇਕ ਅਨੁਸ਼ਾਸਿਤ ਸਿਆਸੀ ਜੱਥੇਬੰਦੀ ਹੈ ਅਤੇ ਜਨਤਕ ਮੰਚ ’ਤੇ ਪਾਰਟੀ ਲੀਡਰਸ਼ਿਪ ਖ਼ਿਲਾਫ਼ ਬਿਆਨਬਾਜ਼ੀ ਕਰਨਾ ਜੱਥੇਬੰਦਕ ਅਨੁਸ਼ਾਸਨ ਦੀ ਸਿੱਧੀ ਉਲੰਘਣਾ ਹੈ। ਭੱਟੀ ਨੇ ਸਖ਼ਤ ਲਹਿਜ਼ੇ ’ਚ ਕਿਹਾ ਪਾਰਟੀ ’ਚ ਹਰ ਵਿਅਕਤੀ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਪਰ ਜੱਥੇਬੰਦਕ ਮੁੱਦਿਆਂ ਨੂੰ ਜਨਤਕ ਤੌਰ ’ਤੇ ਚੁੱਕਣ ਦੀ ਬਜਾਏ ਪਾਰਟੀ ਦੇ ਤੈਅ ਮੰਚ ਅਤੇ ਅਨੁਸ਼ਾਸਿਤ ਪ੍ਰਕਿਰਿਆ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ। ਕੌਂਸਲਰ ਕੁਲਜੀਤ ਸੰਧੂ ਤੋਂ ਇਸ ਮਾਮਲੇ ’ਚ ਜਲਦ ਸਪੱਸ਼ਟੀਕਰਨ ਮੰਗਿਆ ਗਿਆ ਹੈ।

ਇਸ ਸਾਰੇ ਵਿਵਾਦ ਦੀ ਸ਼ੁਰੂਆਤ ਕੁੱਝ ਹਫ਼ਤੇ ਪਹਿਲਾਂ ਹੋਈ ਸੀ, ਜਦੋਂ ਚੰਡੀਗੜ੍ਹ ਭਾਜਪਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਨੇ ਇਕ ਜਨਤਕ ਸਮਾਗਮ ਦੌਰਾਨ ਪੰਜਾਬੀਆਂ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਨੂੰ ‘ਇਮੋਸ਼ਨਲ ਫੂਲ’ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਕਾਫ਼ੀ ਸਿਆਸੀ ਬਵਾਲ ਮਚਿਆ ਸੀ ਅਤੇ ਕਾਂਗਰਸ ਸਮੇਤ ਹੋਰਨਾਂ ਧਿਰਾਂ ਨੇ ਪ੍ਰਦਰਸ਼ਨ ਕੀਤੇ ਸਨ। ਇਸੇ ਮੁੱਦੇ ’ਤੇ ਜੂਨ ਦੇ ਅਖ਼ੀਰ ’ਚ ਹੋਈ ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਦੌਰਾਨ ਜਦੋਂ ਵਿਰੋਧੀ ਧਿਰਾਂ ਪ੍ਰਧਾਨ ਮਲਹੋਤਰਾ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੀਆਂ ਸਨ ਤਾਂ ਆਸਟ੍ਰੇਲੀਆ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ’ਚ ਜੁੜੇ ਕੌਂਸਲਰ ਕੁਲਜੀਤ ਸਿੰਘ ਸੰਧੂ ਨੇ ਲਾਈਵ ਹੋ ਕੇ ਵਿਰੋਧੀ ਧਿਰਾਂ ਦਾ ਸਾਥ ਦਿੱਤਾ ਸੀ। ਸੰਧੂ ਨੇ ਨਿਗਮ ਦੀ ਲਾਈਵ ਮੀਟਿੰਗ ’ਚ ਸਪੱਸ਼ਟ ਕਿਹਾ ਸੀ ਕਿ ਮਲਹੋਤਰਾ ਦਾ ਪੰਜਾਬੀਆਂ ਬਾਰੇ ਦਿੱਤਾ ਗਿਆ ਬਿਆਨ ਬਹੁਤ ਮੰਦਭਾਗਾ ਹੈ ਅਤੇ ਇਸ ਨਾਲ ਪਾਰਟੀ ਦੇ ਅਕਸ ਨੂੰ ਭਾਰੀ ਢਾਹ ਲੱਗੀ ਹੈ।

ਉਨ੍ਹਾਂ ਮੰਗ ਕੀਤੀ ਸੀ ਕਿ ਭਾਜਪਾ ਪ੍ਰਧਾਨ ਨੂੰ ਤੁਰੰਤ ਪੰਜਾਬੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਆਪਣੇ ਹੀ ਕੌਂਸਲਰ ਵੱਲੋਂ ਵਿਰੋਧੀਆਂ ਦੀ ਹਮਾਇਤ ਕਰਦਿਆਂ ਲਾਈਵ ਮੀਟਿੰਗ ’ਚ ਅਜਿਹਾ ਸਟੈਂਡ ਲੈਣ ਕਾਰਨ ਪਾਰਟੀ ਲੀਡਰਸ਼ਿਪ ਨੂੰ ਕਾਫ਼ੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਸੀ। ਪਾਰਟੀ ਦਾ ਕਹਿਣਾ ਹੈ ਕਿ ਨੋਟਿਸ ਜਾਰੀ ਕਰਨਾ ਸੰਗਠਨ ਦੀ ਨਿਯਮਤ ਅਨੁਸ਼ਾਸਨੀ ਪ੍ਰਕਿਰਿਆ ਦਾ ਹਿੱਸਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਸਬੰਧਿਤ ਕੌਂਸਲਰ ਸੰਗਠਨ ਦੇ ਸਾਹਮਣੇ ਆਪਣਾ ਪੱਖ ਸਪੱਸ਼ਟ ਕਰੇਗਾ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪੰਜਾਬੀਆਂ ਦੇ ਹੱਕ ’ਚ ਆਵਾਜ਼ ਬੁਲੰਦ ਕਰਨ ਵਾਲੇ ਕੁਲਜੀਤ ਸਿੰਘ ਸੰਧੂ ਇਸ ਨੋਟਿਸ ਦਾ ਕੀ ਜਵਾਬ ਦਿੰਦੇ ਹਨ ਅਤੇ ਆਉਣ ਵਾਲੇ ਦਿਨਾਂ ’ਚ ਚੰਡੀਗੜ੍ਹ ਭਾਜਪਾ ਦੀ ਅੰਦਰੂਨੀ ਸਿਆਸਤ ਕੀ ਕਰਵਟ ਲੈਂਦੀ ਹੈ।