- Updated: August 18, 2026 05:15 PM
ਲੁਧਿਆਣਾ ਵਿੱਚ ਇੱਕ ਦੋਸਤ ਦੀ ਬਰਥਡੇ ਪਾਰਟੀ ਤੋਂ ਪਰਤ ਰਹੇ ਨੌਜਵਾਨ ਦਾ ਕਤਲ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਉਸ ਦਾ ਇੱਕ ਦੋਸਤ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਕਾਰ ਵਿਚ ਆਏ ਹਮਲਾਵਰਾਂ ਨੇ ਉਨ੍ਹਾਂ ‘ਤੇ ਫਾਇਰਿੰਗ ਕਰ ਦਿੱਤੀ। ਇੱਕ ਗੋਲੀ ਨੌਜਵਾਨ ਦੀ ਧੌਣ ਵਿਚ ਲੱਗੀ, ਜਿਸ ਨਾਲ ਉਹ ਸੜਕ ‘ਤੇ ਡਿੱਗ ਪਿਆ ਤੇ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
ਇਹ ਘਟਨਾ ਸੋਮਵਾਰ ਦੇਰ ਰਾਤ ਕੋਤਵਾਲੀ ਥਾਣੇ ਦੇ ਅਧਿਕਾਰ ਖੇਤਰ ਵਿੱਚ ਘੰਟਾ ਘਰ ਚੌਕ 12 ਦੇ ਨੇੜੇ ਵਾਪਰੀ। ਮ੍ਰਿਤਕ ਦੀ ਪਛਾਣ ਰਮਿੰਦਰ ਸਿੰਘ ਉਰਫ ਸੋਨੂੰ (39) ਵਜੋਂ ਹੋਈ ਹੈ। ਉਹ ਫੋਟੋਗ੍ਰਾਫਰ ਵਜੋਂ ਕੰਮ ਕਰਦਾ ਸੀ ਅਤੇ ਉਸ ਦੇ ਦੋ ਬੱਚੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫਾਇਰਿੰਗ ਵਿੱਚ ਜ਼ਖਮੀ ਹੋਏ ਸੰਜੀਵ ਨੇ ਦੱਸਿਆ ਕਿ ਸੋਮਵਾਰ ਨੂੰ ਉਸ ਦੇ ਦੋਸਤ ਸੰਨੀ ਦਾ ਜਨਮ ਦਿਨ ਸੀ। ਸੰਨੀ ਨੇ ਸਾਰਿਆਂ ਨੂੰ ਪਾਰਟੀ ਵਿੱਚ ਸੱਦਾ ਦਿੱਤਾ ਸੀ। ਉਹ ਰਮਿੰਦਰ ਸਿੰਘ ਅਤੇ ਦੋ ਹੋਰ ਦੋਸਤ ਪਾਰਟੀ ਵਿੱਚ ਸ਼ਾਮਲ ਹੋਣ ਲਈ ਗਏ ਸਨ। ਰਾਤ 11.30 ਤੋਂ 12:00 ਵਜੇ ਦੇ ਕਰੀਬ ਸਾਰੇ ਇੱਕ ਪਾਰਟੀ ਤੋਂ ਬਾਅਦ ਘਰ ਪਰਤ ਰਹੇ ਸਨ।
ਉਸਨੇ ਦੱਸਿਆ ਕਿ ਜੇਐਮਡੀ ਮਾਲ ਨੇੜੇ ਇੱਕ ਐਕਟਿਵਾ ਅਤੇ ਇੱਕ ਕਾਰ ਵਿਚਕਾਰ ਟੱਕਰ ਨੂੰ ਲੈ ਕੇ ਝਗੜਾ ਹੋਇਆ ਸੀ। ਉਹ ਅਤੇ ਉਸ ਦੇ ਸਾਥੀ ਆਪਣੇ ਵਾਹਨਾਂ ਤੋਂ ਬਾਹਰ ਨਿਕਲੇ ਅਤੇ ਵਿਚ ਪੈ ਕੇ ਮਾਮਲਾ ਸ਼ਾਂਤ ਕਰਾਇਆ। ਕਿਉਂਕਿ ਐਕਟਿਵਾ ਸਵਾਰ ਨੌਜਵਾਨ ਵੀ ਪਾਰਟੀ ਵਿਚ ਸ਼ਾਮਲ ਹੋਏ ਸਨ, ਮਾਮਲਾ ਸ਼ਾਂਤ ਹੋਣ ਤੋਂ ਬਾਅਦ ਬਾਅਦ ਉਹ ਅਤੇ ਉਸ ਦੇ ਤਿੰਨੋਂ ਸਾਥੀ ਆਪਣੀ ਗੱਡੀ ਵਿਚ ਬੈਠ ਕੇ ਘਰ ਲਈ ਰਵਾਨਾ ਹੋਏ। ਇਸੇ ਦੌਰਾਨ ਪਿੱਛੋਂ ਇੱਕ ਕ੍ਰਟੇਾ ਕਾਰ ਆਈ, ਉਸ ਵਿਚ ਸਵਾਰ ਹਮਲਾਵਰਾਂ ਨੇ ਕਾਰ ਤੋਂ ਹੀ ਗੋਲੀਆਂ ਚਲਾ ਦਿੱਤੀਆਂ ਤੇ ਮੌਕੇ ਤੋਂ ਫਰਾਰ ਹੋ ਗਏ। ਗੋਲੀ ਰਮਿੰਦਰ ਦੀ ਗਰਦਨ ਵਿਚ ਲੱਗੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਦੇ ਨਾਲ ਉਹ ਵੀ ਗੋਲੀਬਾਰੀ ਵਿਚ ਜ਼ਖਮੀ ਹੋ ਗਿਆ। ਉਸ ਦੇ ਹੱਥ ਵਿਚ ਸੱਟ ਲੱਗੀ।
ਮ੍ਰਿਤਕ ਰਮਿੰਦਰ ਸਿੰਘ ਵਿਆਹਿਆ ਹੋਇਆ ਸੀ। ਉਸਦੇ ਪਰਿਵਾਰ ਵਿੱਚ ਉਸਦੀ ਪਤਨੀ ਅਤੇ ਦੋ ਪੁੱਤਰ ਹਨ। ਵੱਡਾ ਪੁੱਤਰ 8 ਸਾਲ ਦਾ ਹੈ ਅਤੇ ਛੋਟਾ ਪੁੱਤਰ 2 ਸਾਲ ਦਾ ਹੈ। ਉਸਦੀ ਪਤਨੀ ਹਾਊਸਵਾਈਫ ਹੈ। ਰਮਿੰਦਰ ਦਾ ਇੱਕ ਛੋਟਾ ਭਰਾ ਵੀ ਵਿਆਹਿਆ ਹੋਇਆ ਹੈ। ਉਸਦੀ ਮਾਂ ਇੱਕ ਫੈਕਟਰੀ ਵਿੱਚ ਕੰਮ ਕਰਦੀ ਹੈ, ਜਦੋਂਕਿ ਉਸਦਾ ਪਿਤਾ ਮਾਨਸਿਕ ਤੌਰ ‘ਤੇ ਅਸਥਿਰ ਹੈ।
ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਦੋਸ਼ੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।