- Updated: August 25, 2026 06:35 PM
ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਬੀ. ਐਲ ਸੰਤੋਸ਼ ਵਲੋਂ ਪੰਜਾਬ ਦੇ ਦੋ ਰੋਜ਼ਾ ਦੌਰੇ ਦੌਰਾਨ ਅੱਜ ਜਲੰਧਰ ਜ਼ੋਨ ਦੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਇਸ ਮੀਟਿੰਗ ਦੌਰਾਨ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਬੀ. ਐੱਲ ਸੰਤੋਸ਼ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਰ ਪੱਖ ਤੋਂ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਰਕਾਰ ਨੇ ਵਿਕਾਸ ਤਾਂ ਕੀ ਕਰਨਾ ਸੀ, ਬਲਕਿ ਇੱਥੇ ਨਸ਼ਿਆਂ, ਲਾਅ ਐਂਡ ਆਰਡਰ ਦੇ ਹਾਲਾਤ ਹੋਰ ਵੀ ਮਾੜੇ ਕਰ ਦਿੱਤੇ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਕਾਂਗਰਸ ਪਾਰਟੀ ਵੀ ਵਿਰੋਧੀ ਧਿਰ ਦਾ ਰੋਲ ਅਦਾ ਨਹੀਂ ਕਰ ਸਕੀ ਜਿਸ ਕਰਕੇ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਲੋਕਾਂ ਦਾ ਸਹਾਰਾ ਬਣਨਾ ਹੈ ਅਤੇ ਲੋਕਾਂ ਦੀ ਆਵਾਜ਼ ਉਠਾਉਣੀ ਹੈ।
ਉਨ੍ਹਾਂ ਕਿਹਾ ਕਿ ਹਰ ਉਪਰਲੇ ਨੇਤਾ ਤੋਂ ਲੈ ਕੇ ਵਰਕਰ ਲਈ ਪਾਰਟੀ ਪ੍ਰਥਮ ਹੈ। ਇਸ ਕਰਕੇ ਉਨ੍ਹਾਂ ਸਮੁੱਚੀ ਲੀਡਰਸ਼ਿਪ ਦੇ ਨਾਲ-ਨਾਲ ਜ਼ਿਲ੍ਹਾ ਤੇ ਸਰਕਲ ਪ੍ਰਧਾਨਾਂ ਨੂੰ ਆਪਣੇ ਤੋਂ ਪੁਰਾਣੇ ਆਗੂਆਂ ਵਰਕਰਾਂ ਨੂੰ ਨਾਲ ਲੈ ਕੇ ਚੱਲਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਨਵੇਂ ਸਾਮਲ ਹੋਣ ਵਾਲਿਆਂ ਤੇ ਪਹਿਲਾਂ ਤੋਂ ਸ਼ਾਮਲ ਸਭ ਨੂੰ ਨਾਲ ਲੈਕੇ ਪਾਰਟੀ ਮਜ਼ਬੂਤ ਕਰਨਾ ਹੈ। ਸੰਤੋਸ਼ ਨੇ ਕਿਹਾ ਕਿ ਪਾਰਟੀ ਨੂੰ ਬੂਥ ਪੱਧਰ 'ਤੇ ਮਜ਼ਬੂਤ ਕਰਨ ਲਈ ਹਰ ਬੂਥ ਪੱਧਰ 'ਤੇ ਸਰਗਰਮ ਕਮੇਟੀਆਂ ਬਣਾਉਣੀਆਂ ਹਨ ਅਤੇ ਪਾਰਟੀ ਦਾ ਸੰਦੇਸ਼, ਵਿਚਾਰਧਾਰਾ ਤੇ ਪ੍ਰਾਪਤੀਆਂ ਕਰ ਘਰ ਤੱਕ ਲੈ ਕੇ ਜਾਣੀਆਂ ਹਨ।
ਉਨ੍ਹਾਂ ਕਿਹਾ ਕਿ ਸਾਡੇ ਕੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਜ਼ਬੂਤ ਅਗਵਾਈ, ਭਾਜਪਾ ਦੀ ਵਿਚਾਰਧਾਰਾ
ਤੇ ਵਰਕਰਾਂ ਦੀ ਮਜ਼ਬੂਤ ਤਾਕਤ ਹੈ, ਜਿਸ ਨਾਲ ਅਸੀਂ ਹਰ ਮੁਕਾਮ ਹਾਸਲ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਵਿਧਾਨ ਸਭਾ ਚੋਣਾਂ ਲਈ ਸਿਰਫ ਪੰਜ ਮਹੀਨੇ ਦਾ ਸਮਾਂ ਹੈ, ਇਸ ਦੌਰਾਨ ਅਸੀਂ ਪਾਰਟੀ ਦੀ ਮਜ਼ਬੂਤ ਟੀਮ ਗੜੀ ਕਰਨੀ ਹੈ। ਉਨ੍ਹਾਂ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਦੀ 650ਵੀਂ ਜੇਅੰਤੀ ਦੇ 'ਸਮਰਸਤਾ ਸੰਕਲਪ ਅਭਿਆਨ ' ਦੇ ਸਮਾਗਮਾਂ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਗੁਰੂ ਜੀ ਦੀਆਂ ਸਿੱਖਿਆਵਾਂ ਘਰ ਘਰ ਪਹੁਚਾਉਣ ਦਾ ਸੱਦਾ ਵੀ ਦਿੱਤਾ।
ਇਸਤੋਂ ਪਹਿਲਾਂ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਬੀਐਲ ਸੰਤੋਸ਼ ਦਾ ਸਵਾਗਤ ਕਰਦਿਆਂ ਕਿਹਾ ਕਿ ਸੰਤੋਸ਼ ਦਾ ਮਾਰਗਦਰਸ਼ਨ ਪਾਰਟੀ ਵਰਕਰਾਂ ਵਿਚ ਇਕ ਨਵੀਂ ਊਰਜਾ ਭਰ ਰਿਹਾ ਹੈ, ਜਿਸਦਾ ਫਾਇਦਾ ਆਉਣਾ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਦਲਾਅ ਦੇ ਨਾਮ 'ਤੇ ਪੰਜਾਬ ਨੂੰ ਠੱਗ ਲਿਆ ਅਤੇ ਪਿਛਲੇ ਸਾਢੇ ਚਾਰ ਸਾਲਾਂ ਤੋਂ ਪਾਰਟੀ ਨੂੰ ਦੱਬ ਕੇ ਲੁੱਟਿਆ ਜਾ ਰਿਹਾ ਹੈ। ਇੱਥੇ ਇਨਕਲਾਬ ਤਾਂ ਕੀ ਲਿਆਉਣਾ ਸੀ, ਬਲਕਿ ਪੰਜਾਬ ਨੂੰ ਨਸ਼ੇ ਦੀ ਦਲਦਲ ਵਿੱਚ ਡੁਬੋ ਦਿੱਤਾ ਹੈ। ਕਰਜ਼ਾ ਦਾ ਪਹਾੜ ਪੰਜਾਬ ਸਿਰ ਚੜਾ ਦਿੱਤਾ ਹੈ। ਲਾਅ ਐਂਡ ਆਰਡਰ ਪੂਰੀ ਤਰ੍ਹਾਂ ਫੇਲ ਹੈ, ਕੋਈ ਵੀ ਪੰਜਾਬ ਵਿੱਚ ਸੁਰੱਖਿਅਤ ਨਹੀਂ ਹੈ। ਅਜਿਹੇ ਸਮੇਂ ਵਿੱਚ ਪੰਜਾਬ ਦੀ ਇੱਕੋ ਇੱਕ ਉਮੀਦ ਭਾਰਤੀ ਜਨਤਾ ਪਾਰਟੀ ਦੀ ਡਬਲ ਇੰਜਣ ਦੀ ਸਰਕਾਰ ਹੈ। ਉਨ੍ਹਾਂ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਦਿਨ ਰਾਤ ਇੱਕ ਕਰਕੇ ਡਟਣ ਦਾ ਸੱਦਾ ਦਿੰਦਿਆਂ ਕਿਹਾ ਕਿ ਪਾਰਟੀ ਦੇ ਹਰ ਪ੍ਰੋਗਰਾਮ ਨੂੰ ਜ਼ਮੀਨੀ ਪੱਧਰ ਤੇ ਲਾਗੂ ਕੀਤਾ ਜਾਵੇ ਤਾਂ ਜੋ ਆਉਣ ਵਾਲੀ ਭਾਜਪਾ ਸਰਕਾਰ ਬਣਾਈ ਜਾ ਸਕੇ।