- Updated: August 25, 2026 04:36 PM
ਭਾਰਤ ਤੇ ਰੂਸ ਵਿਚਾਲੇ ਦਾ ਮਜ਼ਬੂਤ ਰਿਸ਼ਤੇ ਨੂੰ ਕਿਸੇ ਵੀ ਸਬੂਤ ਦੀ ਲੋੜ ਨਹੀਂ ਹੈ। ਇਸੇ ਦੌਰਾਨ ਭਾਰਤ ਨੇ ਸਪੱਸ਼ਟ ਕੀਤਾ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਰੂਸ ਨਾਲ ਉਸ ਦਾ ਆਰਥਿਕ ਸਹਿਯੋਗ ਬਹੁਤ ਤੇਜ਼ੀ ਨਾਲ ਵਧਿਆ ਹੈ। ਗਲੋਬਲ ਚੁਣੌਤੀਆਂ ਅਤੇ ਪੱਛਮੀ ਦੇਸ਼ਾਂ ਦੇ ਦਬਾਅ ਦੇ ਬਾਵਜੂਦ ਦੋਵਾਂ ਦੇਸ਼ਾਂ ਵਿਚਾਲੇ ਦੁਵੱਲਾ ਵਪਾਰ ਨਵੇਂ ਸ਼ਿਖਰ 'ਤੇ ਪਹੁੰਚ ਗਿਆ ਹੈ।
ਭਾਰਤ ਅਤੇ ਰੂਸ ਵਿਚਾਲੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ 'ਚ ਰੂਸੀ ਕੱਚੇ ਤੇਲ ਦੀ ਖਰੀਦ ਨੇ ਸਭ ਤੋਂ ਵੱਡੀ ਭੂਮਿਕਾ ਨਿਭਾਈ ਹੈ। ਰੂਸ ਭਾਰਤ ਨੂੰ ਸਸਤੇ ਰੇਟਾਂ 'ਤੇ ਤੇਲ ਸਪਲਾਈ ਕਰਨ ਵਾਲਾ ਸਭ ਤੋਂ ਵੱਡਾ ਸਰੋਤ ਬਣ ਕੇ ਉੱਭਰਿਆ ਹੈ। ਦੋਵਾਂ ਦੇਸ਼ਾਂ ਵਿਚਾਲੇ ਸਾਲਾਨਾ ਵਪਾਰ ਨਿਰਧਾਰਤ ਟੀਚਿਆਂ ਨੂੰ ਪਾਰ ਕਰ ਚੁੱਕਾ ਹੈ। ਦੋਵਾਂ ਦੇਸ਼ਾਂ ਵਿਚਾਲੇ ਤੇਲ ਤੋਂ ਇਲਾਵਾ ਖਾਦ, ਕੋਲਾ, ਅਤੇ ਹਥਿਆਰਾਂ ਤੇ ਰੱਖਿਆ ਉਪਕਰਣਾਂ ਦੇ ਖੇਤਰ 'ਚ ਵੀ ਵਪਾਰਕ ਏਕੀਕਰਨ ਮਜ਼ਬੂਤ ਹੋਇਆ ਹੈ।
ਅਮਰੀਕੀ ਡਾਲਰ 'ਤੇ ਨਿਰਭਰਤਾ ਘਟਾਉਣ ਅਤੇ ਅੰਤਰਰਾਸ਼ਟਰੀ ਪਾਬੰਦੀਆਂ ਦੇ ਅਸਰ ਤੋਂ ਬਚਣ ਲਈ ਦੋਵੇਂ ਦੇਸ਼ ਆਪਣੇ ਸਥਾਨਕ ਕਰੰਸੀ ਸਿਸਟਮ ਰੁਪਏ ਅਤੇ ਰੂਬਲ ਰਾਹੀਂ ਵਪਾਰਕ ਭੁਗਤਾਨ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ 'ਤੇ ਕੰਮ ਕਰ ਰਹੇ ਹਨ।
ਭਾਰਤ ਨੇ ਇੱਕ ਵਾਰ ਫਿਰ ਦੁਹਰਾਇਆ ਹੈ ਕਿ ਉਹ ਆਪਣੀ ਊਰਜਾ ਸੁਰੱਖਿਆ ਅਤੇ ਰਾਸ਼ਟਰੀ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਰੂਸ ਨਾਲ ਆਪਣੇ ਆਰਥਿਕ ਅਤੇ ਰਣਨੀਤਕ ਸਬੰਧਾਂ ਨੂੰ ਅੱਗੇ ਵਧਾ ਰਿਹਾ ਹੈ ਤੇ ਉਹ ਦੋਵਾਂ ਦੇਸ਼ਾਂ ਵਿਚਾਲੇ ਦੇ ਮਜ਼ਬੂਤ ਸਬੰਧਾਂ ਨੂੰ ਕਦੇ ਵੀ ਕਿਸੇ ਤੀਜੀ ਧਿਰ ਕਾਰਨ ਦਾਅ 'ਤੇ ਨਹੀਂ ਲਾਏਗਾ।