- Updated: August 25, 2026 06:16 PM
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਮੰਗਲਵਾਰ ਨੂੰ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ। ਉਹ ਕੇਸਰੀ ਪੱਗ ਬੰਨ੍ਹ ਕੇ ਗੁਰੂ ਘਰ ਪਹੁੰਚੇ। ਆਪਣੇ ਉੱਤੇ ਹੋਏ ਹਮਲੇ ਤੋਂ ਬਾਅਦ ਸ਼ੁਕਰਾਨਾ ਕਰਨ ਪਹੁੰਚੇ ਸੁਖਬੀਰ ਬਾਦਲ ਨੇ ਤਖ਼ਤ ਸਾਹਿਬ ਵਿਖੇ ਪੰਜਾਬ ਦੀ ਅਮਨ-ਸ਼ਾਂਤੀ, ਭਾਈਚਾਰੇ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਉਨ੍ਹਾਂ ਆਪਣੀ ਸਲਾਮਤੀ ਲਈ ਅਰਦਾਸ ਕਰਨ ਵਾਲੀਆਂ ਸੰਗਤਾਂ ਅਤੇ ਸ਼ੁਭਚਿੰਤਕਾਂ ਦਾ ਧੰਨਵਾਦ ਕੀਤਾ।

ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਉਨ੍ਹਾਂ ਸਾਰੀਆਂ ਸੰਗਤਾਂ ਦੇ ਰਿਣੀ ਹਨ, ਜਿਨ੍ਹਾਂ ਨੇ ਮੁਸ਼ਕਲ ਸਮੇਂ ਵਿਚ ਉਨ੍ਹਾਂ ਲਈ ਅਰਦਾਸ ਕੀਤੀ ਅਤੇ ਉਨ੍ਹਾਂ ਦੇ ਨਾਲ ਖੜ੍ਹੇ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਅੱਜ ਅਜਿਹੇ ਦੌਰ ਵਿੱਚੋਂ ਲੰਘ ਰਿਹਾ ਹੈ, ਜਿੱਥੇ ਸਾਰੇ ਪੰਜਾਬੀਆਂ ਨੂੰ ਇਕਜੁੱਟ ਹੋ ਕੇ ਸੂਬੇ ਨੂੰ ਬਚਾਉਣ ਲਈ ਅੱਗੇ ਆਉਣਾ ਪਵੇਗਾ।
ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਪੰਜਾਬ ਵਿਚ ਅਜਿਹੀਆਂ ਤਾਕਤਾਂ ਸਰਗਰਮ ਹਨ, ਜੋ ਪੰਜਾਬ ਨੂੰ ਆਪਣਾ ਘਰ ਨਹੀਂ ਸਮਝਦੀਆਂ ਅਤੇ ਇੱਥੋਂ ਦੀ ਲੀਡਰਸ਼ਿਪ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਲੀਡਰਸ਼ਿਪ ਨੂੰ ਕਮਜ਼ੋਰ ਕਰਨਾ ਅਤੇ ਪੰਜਾਬ ਦੀ ਅਮਨ-ਸ਼ਾਂਤੀ ਭੰਗ ਕਰਨਾ ਇਨ੍ਹਾਂ ਤਾਕਤਾਂ ਦਾ ਨਿਸ਼ਾਨਾ ਹੈ। ਕੁਝ ਲੋਕ ਪੰਜਾਬ ਦੇ ਪੁਰਾਣੇ ਮਾੜੇ ਦੌਰ ਨੂੰ ਮੁੜ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਅਕਾਲੀ ਦਲ ਕਿਸੇ ਵੀ ਕੀਮਤ ’ਤੇ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰੇ ਨੂੰ ਭੰਗ ਨਹੀਂ ਹੋਣ ਦੇਵੇਗਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 105 ਸਾਲਾਂ ਤੋਂ ਪੰਜਾਬ, ਸ਼ਹੀਦਾਂ ਅਤੇ ਖ਼ਾਲਸਾ ਪੰਥ ਦੇ ਹਿੱਤਾਂ ਲਈ ਸੰਘਰਸ਼ ਕਰਨ ਵਾਲੀ ਜਥੇਬੰਦੀ ਹੈ। ਆਜ਼ਾਦੀ ਤੋਂ ਪਹਿਲਾਂ ਪਾਰਟੀ ਨੇ ਅੰਗਰੇਜ਼ਾਂ ਖ਼ਿਲਾਫ਼ ਸੰਘਰਸ਼ ਕੀਤਾ ਅਤੇ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਅਧਿਕਾਰਾਂ ਅਤੇ ਹਿੱਤਾਂ ਲਈ ਲਗਾਤਾਰ ਆਵਾਜ਼ ਬੁਲੰਦ ਕੀਤੀ। ਪਾਰਟੀ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਉਨ੍ਹਾਂ ਦਾ ਮੁੱਖ ਉਦੇਸ਼ ਪੰਜਾਬ ਵਿੱਚ ਸ਼ਾਂਤੀ, ਭਾਈਚਾਰਾ ਅਤੇ ਖੁਸ਼ਹਾਲੀ ਕਾਇਮ ਰੱਖਣਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਅਤੇ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਯਕੀਨੀ ਬਣਾਉਣਾ ਅਕਾਲੀ ਦਲ ਦਾ ਮੁੱਖ ਮਿਸ਼ਨ ਹੈ। ਉਨ੍ਹਾਂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਿਆਂ ਕਿਹਾ ਕਿ ਪੰਜਾਬ ਮੁੜ ਖੁਸ਼ੀਆਂ ਅਤੇ ਅਮਨ-ਸ਼ਾਂਤੀ ਨਾਲ ਭਰ ਜਾਵੇ।
ਪਰਮਾਤਮਾ ਨੇ ਹਰ ਵਾਰ ਸੁਖਬੀਰ ਦੀ ਰੱਖਿਆ ਕੀਤੀ: ਹਰਸਿਮਰਤ
ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਜ਼ਖ਼ਮਾਂ ਦੇ ਟਾਂਕੇ ਖੁੱਲ੍ਹ ਚੁੱਕੇ ਹਨ ਅਤੇ ਹੁਣ ਪਲਸਤਰ ਲੱਗਾ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸੇ ਕਾਰਨ ਵਿਰੋਧੀ ਤਾਕਤਾਂ ਵੱਲੋਂ ਸੁਖਬੀਰ ਬਾਦਲ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਸੁਖਬੀਰ ਬਾਦਲ ’ਤੇ ਜਿੰਨੇ ਵੀ ਹਮਲੇ ਹੋਏ, ਹਰ ਵਾਰ ਪਰਮਾਤਮਾ ਨੇ ਉਨ੍ਹਾਂ ਦੀ ਰੱਖਿਆ ਕੀਤੀ। ਉਨ੍ਹਾਂ ਸੁਖਬੀਰ ਬਾਦਲ ਦੀ ਸਲਾਮਤੀ ਲਈ ਅਰਦਾਸ ਕਰਨ ਵਾਲੀਆਂ ਸੰਗਤਾਂ ਅਤੇ ਸ਼ੁਭਚਿੰਤਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਆਗੂ, ਵਰਕਰ ਅਤੇ ਸੰਗਤ ਮੌਜੂਦ ਰਹੀ।