- Updated: July 11, 2026 08:10 PM
ਵੀਅਤਨਾਮ ਦੇ ਫੂ ਕੁਓਕ ਟਾਪੂ ਕੋਲ ਅੱਜ ਇਕ ਬੋਟ ਪਲਟ ਗਈ। ਜਾਣਕਾਰੀ ਮੁਤਾਬਕ ਇਸ ਵਿਚ 32 ਭਾਰਤੀ ਸਵਾਰ ਸਨ ਜਿਨ੍ਹਾਂ ਵਿਚੋਂ 15 ਭਾਰਤੀਆਂ ਦੀ ਮੌਤ ਹੋ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਜ਼ਿਆਦਾਤਰ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੇ ਸੈਲਾਨੀ ਸਨ।
ਬੋਟ ‘ਤੇ ਕੁੱਲ 4 ਕਰੂ ਮੈਂਬਰਾਂ ਸਣੇ 36 ਲੋਕ ਸਵਾਰ ਸਨ। 21 ਲੋਕਾਂ ਨੂੰ ਬਚਾ ਲਿਆ ਗਿਆ ਹੈ। ਸਥਾਨਕ ਮੀਡੀਆ ਮੁਤਾਬਕ ਹਾਦਸਾ ਸਵੇਰੇ 10.30 ਵਜੇ ਕਰੀਬ ਹੋਇਆ। ਚਸ਼ਮਦੀਦਾਂ ਮੁਤਾਬਕ ਹਾਦਸੇ ਦੀ ਵਜ੍ਹਾ ਸਮੁੰਦਰ ਦੀਆਂ ਉੱਚੀਆਂ ਲਹਿਰਾਂ ਹੋ ਸਕਦੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਟੂਰਿਸਟਾਂ ਨੇ ਲਾਈਫ ਜੈਕੇਟ ਨਹੀਂ ਪਾਏ ਹੋਏ ਸਨ ਤੇ ਜਦੋਂ ਕਿਸ਼ਤੀ ਪਲਟੀ ਤਾਂ ਟੂਰਿਸਟ ਕਿਸ਼ਤੀ ਦੇ ਹੇਠਾਂ ਫਸ ਗਏ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਸ ਹਾਦਸੇ ਵਿਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਹਮਦਰਦੀ ਪ੍ਰਗਟਾਈ ਹੈ ਤੇ ਨਾਲ ਹੀ ਜ਼ਖਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਦਾ ਦੂਤਾਵਾਸ ਹਰ ਸੰਭਵ ਮਦਦ ਪਹੁੰਚਾ ਰਿਹਾ ਹੈ ਤੇ ਭਾਰਤੀ ਅਧਿਕਾਰੀ ਵੀਅਤਨਾਮ ਦੇ ਅਧਿਕਾਰੀਆਂ ਦੇ ਨਾਲ ਲਗਾਤਾਰ ਸੰਪਰਕ ਵਿਚ ਹਨ।
ਬੋਟ ਭਾਰਤੀ ਸੈਲਾਨੀਆਂ ਨੂੰ ਫੂ ਕਵੋਕ ਦੀਪ ਕੋਲ ਸਥਿਤ ‘ਹੋਨ ਮੇ ਰੂਟ’ ਤੋਂ ਨਿਗੋਆਈ ਦੀਪ ਘੁਮਾਉਣ ਲਿਜਾ ਰਹੀ ਸੀ ਪਰ ਉਹ ਕਿਨਾਰੇ ਤੋਂ ਲਗਭਗ 400 ਮੀਟਰ ਪਹਿਲਾਂ ਹੀ ਪਲਟ ਗਈ। ਭਾਰਤੀ ਅੰਬੈਸੀ ਨੇ ਯਾਤਰੀਆਂ ਦੀ ਮਦਦ ਲਈ ਕੰਟਰੋਲ ਰੂਮ ਬਣਾਇਆ ਹੈ। ਇਸ ਨਾਲ ਸੰਪਰਕ ਕਰਨ ਲਈ ਹੈਲਪਲਾਈਨ ਨੰਬਰ +84 36 281 7930, +84 91 552 37 14 ਤੇ +84 33 452 0414 ਜਾਰੀ ਕੀਤੇ ਗਏ ਹਨ। ਵੀਅਤਨਾਮ ਵਿਚ ਭਾਰਤੀ ਦੂਤਾਵਾਸ ਨੇ ਬੋਟ ਵਿਚ ਸਵਾਰ ਭਾਰਤੀਆਂ ਦੇ ਨਾਂ ਵੀ ਜਾਰੀ ਕੀਤੇ ਹਨ। ਇਸ ਵਿਚ 2 ਔਰਤਾਂ ਵੀ ਸ਼ਾਮਲ ਹਨ। ਰਿਪੋਰਟ ਮੁਤਾਬਕ 3 ਆਂਧਰਾ ਪ੍ਰਦੇਸ਼ ਦੇ ਨਾਗਰਿਕ ਜ਼ਖਮੀ ਹੋਏ ਹਨ ਤੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।