ਪਟਿਆਲਾ ''ਚ ਦਿਨ-ਦਿਹਾੜੇ ਟ੍ਰੇਨਰ ‘ਤੇ ਕਾਰ ਸਵਾਰਾਂ ਨੇ ਚਲਾਈਆਂ ਗੋਲੀਆਂ, ਵਾਲ-ਵਾਲ ਬਚੀ ਜਿੰਮ ਟ੍ਰੇਨਰ ਦੀ ਜਾਨ

ਪਟਿਆਲਾ ''ਚ ਦਿਨ-ਦਿਹਾੜੇ ਟ੍ਰੇਨਰ ‘ਤੇ ਕਾਰ ਸਵਾਰਾਂ ਨੇ ਚਲਾਈਆਂ ਗੋਲੀਆਂ, ਵਾਲ-ਵਾਲ ਬਚੀ ਜਿੰਮ ਟ੍ਰੇਨਰ ਦੀ ਜਾਨ

ਪਟਿਆਲਾ ਦੇ ਐਸਐਸਟੀ ਨਗਰ ਨਗਰ ਇਲਾਕੇ ਵਿੱਚ ਦਿਨ-ਦਿਹਾੜੇ ਇੱਕ ਜਿਮ ਟ੍ਰੇਨਰ ‘ਤੇ ਗੋਲੀਆਂ ਚਲਾਉਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਗਨੀਮਤ ਰਹੀ ਕਿ ਜਿਮ ਟ੍ਰੇਨਰ ਦੀ ਜਾਨ ਬਚ ਗਈ। ਦੱਸਿਆ ਜਾ ਰਿਹਾ ਹੈ ਕਿ ਚਲਾਈ ਗਈ ਇੱਕ ਗੋਲੀ ਉਸ ਦੀ ਗੱਡੀ ਵਿੱਚ ਲੱਗੀ ਅਤੇ ਉੱਥੇ ਹੀ ਫਸ ਗਈ।

ਪੀੜਤ ਜਿਮ ਟ੍ਰੇਨਰ ਨੇ ਦੱਸਿਆ ਕਿ ਉਹ ਜਿਮ ਤੋਂ ਵਾਪਸ ਆਪਣੇ ਘਰ ਵੱਲ ਆ ਰਿਹਾ ਸੀ, ਜਦੋਂ ਪਿੱਛੋਂ ਇੱਕ ਚਿੱਟੇ ਰੰਗ ਦੀ ਫੋਰਚੂਨਰ ਆਈ। ਕਾਰ ਸਵਾਰਾਂ ਨੇ ਪਹਿਲਾਂ 2 ਤੋਂ 3 ਹਵਾਈ ਫਾਇਰ ਕੀਤੇ ਅਤੇ ਇਸ ਤੋਂ ਬਾਅਦ ਉਸ ਦੀ ਗੱਡੀ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀ ਚਲਾ ਦਿੱਤੀ। ਜਿਮ ਟ੍ਰੇਨਰ ਦੇ ਮੁਤਾਬਕ ਫੋਰਚੂਨਰ ਵਿੱਚ 4 ਵਿਅਕਤੀ ਸਵਾਰ ਸਨ, ਜਿਨ੍ਹਾਂ ਨੇ ਪੁਲਿਸ ਵਰਗੀ ਵਰਦੀ ਪਾਈ ਹੋਈ ਸੀ ਤੇ ਇੱਕ ਨੇ ਸਫਾਰੀ ਸੂਟ ਪਾਇਆ ਹੋਇਆ ਸੀ। ਫਾਇਰਿੰਗ ਦੀ ਆਵਾਜ਼ ਸੁਣ ਕੇ ਇਲਾਕੇ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ।

ਸੂਚਨਾ ਮਿਲਣ ਉਪਰੰਤ ਥਾਣਾ ਲਾਹੌਰੀ ਗੇਟ ਦੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਹ ਘਟਨਾ ਦੁਪਹਿਰ ਕਰੀਬ 2 ਤੋਂ 2:30 ਵਜੇ ਦਰਮਿਆਨ ਵਾਪਰੀ ਦੱਸੀ ਜਾ ਰਹੀ ਹੈ। ਮੌਕੇ ‘ਤੇ ਪਹੁੰਚੇ ਥਾਣਾ ਲਾਹੌਰੀ ਗੇਟ ਦੇ ਐਸਐਚਓ ਸੌਰਭ ਸਬਰਵਾਲ ਨੇ ਕਿਹਾ ਕਿ ਪੁਲਿਸ ਵੱਲੋਂ ਘਟਨਾ ਦੇ ਸਾਰੇ ਤੱਥਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।