ਮਸ਼ਹੂਰ ਮਿਊਜ਼ਿਕ ਬੈਂਡ ਦੇ 5 Musicians ਰਾਤੋ-ਰਾਤ ਲਾਪਤਾ ਹੋਏ , ਹੁਣ ਮਿਲੀਆਂ ਲਾਸ਼ਾਂ

 ਮਸ਼ਹੂਰ ਮਿਊਜ਼ਿਕ ਬੈਂਡ ਦੇ 5 Musicians ਰਾਤੋ-ਰਾਤ ਲਾਪਤਾ ਹੋਏ , ਹੁਣ ਮਿਲੀਆਂ ਲਾਸ਼ਾਂ

ਮੈਕਸੀਕਨ ਰੀਜਨਲ ਮਿਊਜ਼ਿਕ ਗਰੁੱਪ ਦੇ 5 ਮਿਊਜ਼ਿਸ਼ੀਅਨਾਂ ਦੀਆਂ ਲਾਸ਼ਾਂ ਟੈਕਸਸ ਸਰਹੱਦ ਨੇੜਲੇ ਸ਼ਹਿਰ ਰੇਨੋਸਾ 'ਚ ਮਿਲੀਆਂ ਹਨ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬੈਂਡ Grupo Fugitivo ਦੇ ਮਿਊਜ਼ਿਸ਼ੀਅਨ ਐਤਵਾਰ ਤੋਂ ਲਾਪਤਾ ਸਨ। ਤਾਮਾਊਲੀਪਾਸ ਰਾਜ ਦੀਆਂ ਪ੍ਰੋਸਿਕਿਊਟਰ ਏਜੰਸੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਸਾਰੇ ਮਿਊਜ਼ਿਸ਼ੀਅਨ ਐੱਸ.ਯੂ.ਵੀ. 'ਚ ਇਕ ਪਾਰਟੀ ਵਿੱਚ ਪਰਫਾਰਮ ਕਰਨ ਜਾ ਰਹੇ ਸਨ, ਜਦੋਂ ਇਨ੍ਹਾਂ ਨੂੰ ਰਾਤ 10 ਵਜੇ ਅਗਵਾ ਕਰ ਲਿਆ ਗਿਆ ਸੀ।

Grupo Fugitivo ਨਾਂ ਦੀ ਇਹ ਮਿਊਜ਼ਿਕ ਟੀਮ ਪਾਰਟੀਆਂ 'ਚ ਪਰਫਾਰਮ ਕਰਦੀ ਸੀ। ਉਨ੍ਹਾਂ ਦੀਆਂ ਲਾਸ਼ਾਂ ਰੇਨੋਸਾ ਸ਼ਹਿਰ ਦੇ ਬਾਹਰੀ ਇਲਾਕੇ 'ਚ ਮਿਲੀਆਂ ਹਨ। ਪ੍ਰੋਸਿਕਿਊਟਰ ਨੇ ਦੱਸਿਆ ਕਿ 9 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਹਨਾਂ ਦਾ ਸੰਬੰਧ ਗਲਫ ਕਾਰਟੈਲ (Gulf Cartel) ਨਾਲ ਦੱਸਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਲਾਸ਼ਾਂ ਨੂੰ ਸਾੜਣ ਦੀ ਕੋਸ਼ਿਸ਼ ਕੀਤੀ ਗਈ, ਹਾਲਾਂਕਿ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਹੋਈ। ਹਤਿਆ ਦਾ ਕਾਰਨ ਹਾਲੇ ਤੱਕ ਸਾਫ਼ ਨਹੀਂ ਹੋ ਸਕਿਆ ਹੈ।

ਘਟਨਾ ਦੇ ਬਾਅਦ ਲੋਕਾਂ ਨੇ ਤਾਮਾਊਲੀਪਾਸ 'ਚ ਰੋਸ ਪ੍ਰਦਰਸ਼ਨ ਕੀਤੇ, ਇਕ ਅਜਿਹਾ ਰਾਜ ਜੋ ਲੰਬੇ ਸਮੇਂ ਤੋਂ ਕਾਰਟੈਲ ਯੁੱਧ ਤੋਂ ਪ੍ਰਭਾਵਿਤ ਹੈ। ਪ੍ਰਦਰਸ਼ਕਾਰੀਆਂ ਨੇ ਰੇਨੋਸਾ ਅਤੇ ਫਰਰ, ਟੈਕਸਸ ਨੂੰ ਜੋੜਨ ਵਾਲੇ ਅੰਤਰਰਾਸ਼ਟਰੀ ਪੁਲ 'ਤੇ ਜਾਮ ਲਗਾ ਦਿੱਤਾ। ਆਖਰੀ ਵਾਰ ਮਿਊਜ਼ਿਸ਼ੀਅਨਾਂ ਦੀ ਆਪਣੇ ਪਰਿਵਾਰ ਨਾਲ ਉਸੇ ਰਾਤ ਗੱਲ ਹੋਈ ਸੀ, ਜਿਸ ਰਾਤ ਉਨ੍ਹਾਂ ਨੂੰ ਅਗਵਾ ਕੀਤਾ ਗਿਆ ਸੀ। ਉਨ੍ਹਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਸੀ ਕਿ ਉਹ ਸਮਾਗਮ ਲਈ ਜਾ ਰਹੇ ਹਨ। ਉਸ ਤੋਂ ਬਾਅਦ, ਉਨ੍ਹਾਂ ਬਾਰੇ ਹੋਰ ਕੁਝ ਨਹੀਂ ਪਤਾ ਲੱਗਾ।