- Updated: June 02, 2025 02:19 PM
ਬਮਿਆਲ ਸੈਕਟਰ ਦੇ ਪਿੰਡ ਪਲਾਹ ਨੇੜੇ ਸੜਕ ਕਿਨਾਰੇ ਇੱਕ 22 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਲਾਸ਼ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ । ਇਸ ਸਬੰਧੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੀ ਹਿਰਾਸਤ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਚਰਨਜੀਤ ਸਿੰਘ ਉਰਫ ਚੰਨਾ (22) ਪੁੱਤਰ ਕੁਲਵੰਤ ਸਿੰਘ ਵਾਸੀ ਸਿੰਬਲ ਸਕੋਲ ਤੋਂ ਹੋਈ ਹੈ। ਮ੍ਰਿਤਕ ਦੀ ਭੈਣ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਕੱਲ੍ਹ ਹੀ ਗੁਜਰਾਤ ਤੋਂ ਵਾਪਸ ਪਰਤਿਆ ਸੀ ਅਤੇ ਸ਼ਾਮ ਨੂੰ 7 ਵਜੇ ਆਪਣੇ ਘਰ ਤੋਂ ਕਿਸੇ ਕੰਮ ਲਈ ਬਾਹਰ ਗਿਆ ਸੀ। ਉਸ ਤੋਂ ਬਾਅਦ ਪਰਿਵਾਰ ਵੱਲੋਂ ਵਾਰ-ਵਾਰ ਫੋਨ ਮਿਲਾਉਣ 'ਤੇ ਉਸਦਾ ਫੋਨ ਨਹੀਂ ਮਿਲ ਰਿਹਾ ਸੀ ਅਤੇ ਸਵੇਰੇ ਉਸ ਦੀ ਲਾਸ਼ ਸਰਹੱਦੀ ਪਿੰਡ ਪਲਾਹ ਦੇ ਨਜ਼ਦੀਕ ਸੜਕ ਦੇ ਕਿਨਾਰੇ ਪਿੰਡ ਦੇ ਕਿਸੇ ਵਿਅਕਤੀ ਨੂੰ ਮਿਲੀ। ਜਿਸ ਵੱਲੋਂ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ।
ਮ੍ਰਿਤਕ ਦੇ ਪਿਤਾ ਕੁਲਵੰਤ ਸਿੰਘ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਸਰੀਰ 'ਤੇ ਖੂਨ ਦੇ ਨਿਸ਼ਾਨ ਹਨ ਅਤੇ ਉਸ ਦੇ ਕੰਨਾਂ 'ਚ ਪਾਈਆਂ ਹੋਈਆਂ ਮੁੰਦਰਾਂ ਵੀ ਉਤਾਰ ਲਈਆਂ ਗਈਆਂ ਹਨ ਅਤੇ ਉਸ ਕੋਲ 20-22 ਹਜ਼ਾਰ ਰੁਪਏ ਦੇ ਕਰੀਬ ਨਕਦੀ ਸੀ ਜੋ ਕਿ ਇਸ ਮੌਕੇ ਉਸ ਕੋਲ ਨਹੀਂ ਮਿਲੀ ਅਤੇ ਨਾ ਹੀ ਉਸਦਾ ਮੋਬਾਇਲ ਮਿਲਿਆ ਹੈ। ਜਿਸ 'ਤੇ ਉਨ੍ਹਾਂ ਨੇ ਕਤਲ ਹੋਣ ਦਾ ਸ਼ੱਕ ਜਤਾਇਆ।
ਨਰੋਟ ਜੈਮਲ ਸਿੰਘ ਥਾਣਾ ਦੇ ਜਾਂਚ ਅਧਿਕਾਰੀ ਵਿਜੇ ਕੁਮਾਰ ਵੱਲੋਂ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੀ ਦੇਹ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਸ ਸੰਬੰਧੀ ਜਦ ਚੌਕੀ ਇੰਚਾਰਜ ਏ. ਐੱਸ. ਆਈ. ਬਮਿਆਲ ਵਿਜੇ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਹੈ ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।