ਪੰਜਾਬ: ਦਿਨ ਦਿਹਾੜੇ ਭਰੇ ਹੋਏ ਬਾਜ਼ਾਰ ਵਿੱਚ 8-10 ਗੋਲੀਆਂ ਚੱਲੀਆਂ, ਮੱਚੀ ਹੜਕੰਪ ਅਤੇ ਲੋਕਾਂ ਵਿੱਚ ਦਹਿਸ਼ਤ

ਪੰਜਾਬ: ਦਿਨ ਦਿਹਾੜੇ ਭਰੇ ਹੋਏ ਬਾਜ਼ਾਰ ਵਿੱਚ 8-10 ਗੋਲੀਆਂ ਚੱਲੀਆਂ, ਮੱਚੀ ਹੜਕੰਪ ਅਤੇ ਲੋਕਾਂ ਵਿੱਚ ਦਹਿਸ਼ਤ

ਜੰਡਿਆਲਾ ਗੁਰੂ ਦੇ ਬਾਜ਼ਾਰ 'ਚ ਦਿਨ-ਦਿਹਾੜੇ ਗੋਲੀਆਂ ਚਲਣ ਦੀ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਜਾਣਕਾਰੀ ਮੁਤਾਬਕ ਅਣਪਛਾਤੇ ਬਦਮਾਸ਼ਾਂ ਵੱਲੋਂ ਇੱਕ ਇਨੋਵਾ ਗੱਡੀ ‘ਤੇ ਤਾਬੜਤੋੜ ਫਾਇਰਿੰਗ ਕੀਤੀ ਗਈ, ਜਿਸ ਦੌਰਾਨ ਕਰੀਬ 8-10 ਗੋਲੀਆਂ ਚਲਾਈਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਫਾਇਰਿੰਗ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਇਨੋਵਾ ਗੱਡੀ ਦਾ ਚਾਲਕ ਘਬਰਾ ਗਿਆ ਅਤੇ ਗੱਡੀ ‘ਤੇ ਕਾਬੂ ਖੋ ਬੈਠਾ, ਜਿਸ ਕਾਰਨ ਇੱਕ ਰਾਹਗੀਰ ਨੂੰ ਟੱਕਰ ਲੱਗ ਗਈ। ਇਸ ਘਟਨਾ ਵਿੱਚ ਰਾਹਗੀਰ ਜ਼ਖ਼ਮੀ ਹੋ ਗਿਆ।

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਸੂਚਨਾ ਮਿਲਣ ‘ਤੇ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।