- Updated: December 22, 2023 05:22 PM
ਕੈਨੇਡਾ ਨੇ ਗਾਜ਼ਾ ਪੱਟੀ ਦੇ ਨਾਗਰਿਕਾਂ ਲਈ ਵੱਡਾ ਐਲਾਨ ਕੀਤਾ ਹੈ। ਕੈਨੇਡਾ ਨੇ ਉਨ੍ਹਾਂ ਲੋਕਾਂ ਨੂੰ ਅਸਥਾਈ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਦੇ ਰਿਸ਼ਤੇਦਾਰ ਕੈਨੇਡਾ ਵਿਚ ਰਹਿੰਦੇ ਹਨ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦਸਿਆ ਕਿ ਇਹ ਮੁਹਿੰਮ 9 ਜਨਵਰੀ ਤੋਂ ਸ਼ੁਰੂ ਹੋ ਸਕਦੀ ਹੈ। ਹਾਲਾਂਕਿ, ਕੈਨੇਡੀਅਨ ਸਰਕਾਰ ਨੇ ਜੰਗ ਪ੍ਰਭਾਵਿਤ ਖੇਤਰ ਤੋਂ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦਾ ਕੋਈ ਭਰੋਸਾ ਨਹੀਂ ਦਿਤਾ ਹੈ।
ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਸਰਕਾਰ ਗਾਜ਼ਾ ਤੋਂ 660 ਕੈਨੇਡੀਅਨ ਨਾਗਰਿਕਾਂ, ਸਥਾਈ ਨਿਵਾਸੀਆਂ ਅਤੇ ਉਨ੍ਹਾਂ ਦੇ ਜੀਵਨ ਸਾਥੀਆਂ ਅਤੇ ਬੱਚਿਆਂ ਨੂੰ ਕੱਢਣ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਮਾਰਕ ਮਿਲਰ ਨੇ ਕਿਹਾ ਕਿ ਸਰਕਾਰ ਮਾਪਿਆਂ, ਦਾਦਾ-ਦਾਦੀ, ਭੈਣ-ਭਰਾ ਅਤੇ ਪੋਤੇ-ਪੋਤੀਆਂ ਸਮੇਤ ਕੈਨੇਡਾ ਵਿਚ ਪਰਿਵਾਰਕ ਸਬੰਧਾਂ ਵਾਲੇ ਲੋਕਾਂ ਦੀਆਂ ਅਰਜ਼ੀਆਂ ਸਵੀਕਾਰ ਕਰਨਾ ਸ਼ੁਰੂ ਕਰੇਗੀ। ਮਾਰਕ ਮਿਲਰ ਨੇ ਕਿਹਾ ਕਿ ਸਰਕਾਰ ਮਾਪਦੰਡਾਂ 'ਤੇ ਖਰਾ ਉਤਰਨ ਵਾਲਿਆਂ ਨੂੰ ਤਿੰਨ ਸਾਲ ਲਈ ਵੀਜ਼ਾ ਦੇਵੇਗੀ। ਮਾਰਕ ਮਿਲਰ ਨੇ ਕਿਹਾ ਕਿ ਉਹ ਯਕੀਨ ਨਾਲ ਨਹੀਂ ਕਹਿ ਸਕਦੇ ਕਿ ਇਸ ਮੁਹਿੰਮ ਤਹਿਤ ਕਿੰਨੇ ਲੋਕ ਕੈਨੇਡਾ ਆ ਸਕਦੇ ਹਨ ਪਰ ਉਨ੍ਹਾਂ ਕਿਹਾ ਕਿ ਇਹ ਗਿਣਤੀ ਸੈਂਕੜੇ ਵਿਚ ਹੋ ਸਕਦੀ ਹੈ। ਮਾਰਕ ਮਿਲਰ ਨੇ ਅੱਗੇ ਕਿਹਾ ਕਿ ਗਾਜ਼ਾ ਤੋਂ ਕੈਨੇਡੀਅਨ ਨਾਗਰਿਕਾਂ ਨੂੰ ਕੱਢਣਾ ਮੁਸ਼ਕਲ ਹੋ ਗਿਆ ਹੈ ਕਿਉਂਕਿ ਸਾਡੀਆਂ ਸਮਰੱਥਾਵਾਂ ਸੀਮਤ ਹਨ।
ਦੱਸ ਦੇਈਏ ਕਿ ਹਮਾਸ ਦੇ ਅਤਿਵਾਦੀਆਂ ਨੇ 7 ਅਕਤੂਬਰ ਨੂੰ ਇਜ਼ਰਾਈਲ 'ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਇਜ਼ਰਾਈਲ ਨੇ ਹਮਾਸ ਵਿਰੁਧ ਜੰਗ ਦਾ ਐਲਾਨ ਕਰ ਦਿਤਾ। ਹਮਾਸ ਦੇ ਹਮਲੇ ਵਿਚ 1200 ਤੋਂ ਵੱਧ ਇਜ਼ਰਾਈਲੀ ਲੋਕ ਮਾਰੇ ਗਏ ਸਨ ਅਤੇ ਹਮਾਸ ਦੇ ਅਤਿਵਾਦੀਆਂ ਨੇ 200 ਤੋਂ ਵੱਧ ਇਜ਼ਰਾਈਲੀ ਨਾਗਰਿਕਾਂ ਨੂੰ ਬੰਧਕ ਬਣਾ ਲਿਆ ਸੀ।
ਇਸ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ਪੱਟੀ 'ਤੇ ਬੰਬਾਰੀ ਸ਼ੁਰੂ ਕਰ ਦਿਤੀ। ਇਸ ਹਮਲੇ ਵਿਚ ਗਾਜ਼ਾ ਦੇ 12 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਹਨ। ਗਾਜ਼ਾ ਵਿਚ ਕਈ ਇਮਾਰਤਾਂ ਤਬਾਹ ਹੋ ਗਈਆਂ ਹਨ ਅਤੇ ਸੰਯੁਕਤ ਰਾਸ਼ਟਰ ਉਥੇ ਮਨੁੱਖੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਇਜ਼ਰਾਈਲ ਲਗਾਤਾਰ ਉਨ੍ਹਾਂ ਇਮਾਰਤਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਜੋ ਹਮਾਸ ਦੇ ਕੰਟਰੋਲ 'ਚ ਹਨ। ਹਾਲਾਂਕਿ ਸੰਯੁਕਤ ਰਾਸ਼ਟਰ ਵਿਚ ਜੰਗਬੰਦੀ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ।