- Updated: June 07, 2025 01:56 PM
ਐੱਨ.ਸੀ.ਪੀ. ਆਗੂ ਬਾਬਾ ਸਿੱਦੀਕੀ ਕਤਲਕਾਂਡ ਦੇ ਮਾਸਟਰਮਾਈਂਡ ਜ਼ੀਸ਼ਾਨ ਅਖਤਰ ਉਰਫ਼ ਜੱਸੀ ਪੁਰੇਵਾਲ ਨੂੰ ਕੈਨੇਡਾ ਵਿਚ ਸਰੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਸਰੀ ਪੁਲਸ ਨੇ ਭਾਰਤੀ ਖੁਫੀਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਜ਼ੀਸ਼ਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਬਾਬਾ ਸਿੱਦੀਕੀ ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਦੇ ਕਰੀਬੀ ਸਨ ਤੇ ਉਨ੍ਹਾਂ ਦੇ ਕਤਲ ਤੋਂ ਬਾਅਦ ਸਲਮਾਨ ਖ਼ਾਨ ਨੂੰ ਵੀ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਹਨ।
ਜ਼ੀਸ਼ਾਨ ਅਖ਼ਤਰ ਉਰਫ਼ ਜੱਸੀ ਪੁਰੇਵਾਲ ਜਲੰਧਰ ਦੇ ਨਕੋਦਰ ਅਧੀਨ ਆਉਂਦੇ ਪਿੰਡ ਸ਼ੰਕਰ ਨਾਲ ਸਬੰਧਿਤ ਹੈ, ਜੋ ਕਿ ਬਾਬਾ ਸਿੱਦੀਕੀ ਦੇ ਕਤਲ ਮਗਰੋਂ ਕੈਨੇਡਾ ਫਰਾਰ ਹੋ ਗਿਆ ਸੀ। ਉਸ ਦੇ ਕੈਨੇਡਾ ਪਹੁੰਚਣ 'ਚ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨੇ ਮਦਦ ਕੀਤੀ ਸੀ। ਜ਼ੀਸ਼ਾਨ ਦੇ ਜੇਲ੍ਹ 'ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਵੀ ਸੰਪਰਕ 'ਚ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ।
ਇਸ ਕਾਂਡ ਤੋਂ ਬਾਅਦ ਇਸ ਸਾਲ ਅਪ੍ਰੈਲ ਮਹੀਨੇ ਜਲੰਧਰ 'ਚ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਵੀ ਗ੍ਰਨੇਡ ਹਮਲਾ ਹੋਇਆ ਸੀ, ਜਿਸ 'ਚ ਇਕ ਵਾਰ ਫ਼ਿਰ ਜ਼ੀਸ਼ਾਨ ਦਾ ਨਾਂ ਸਾਹਮਣੇ ਆਇਆ ਸੀ। ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਗ੍ਰਨੇਡ ਨੂੰ ਜਲੰਧਰ ਪਹੁੰਚਾਉਣ 'ਚ ਜ਼ੀਸ਼ਾਨ ਦੇ ਗੁਰਗਿਆਂ ਨੇ ਮਦਦ ਕੀਤੀ ਸੀ। ਇਸ ਤੋਂ ਬਾਅਦ ਯੂਟਿਊਬਰ ਰੋਜ਼ਰ ਸੰਧੂ ਦੇ ਘਰ ਵੀ ਗ੍ਰਨੇਡ ਹਮਲਾ ਹੋਇਆ ਸੀ, ਜਿਸ 'ਚ ਜ਼ੀਸ਼ਾਨ ਦਾ ਨਾਂ ਆਇਆ ਸੀ। ਇਸ ਮਾਮਲੇ 'ਚ ਜ਼ੀਸ਼ਾਨ ਦੇ ਖ਼ਿਲਾਫ਼ ਮਾਮਲਾ ਵੀ ਦਰਜ ਹੋਇਆ ਸੀ, ਜਿਸ ਮਗਰੋਂ ਜਲੰਧਰ ਪੁਲਸ ਦੀ ਵਾਂਟੇਡ ਲਿਸਟ 'ਚ ਵੀ ਉਹ ਸ਼ਾਮਲ ਹੋ ਗਿਆ ਸੀ।
ਜ਼ਿਕਰਯੋਗ ਹੈ ਕਿ 12 ਅਕਤੂਬਰ 2024 ਦੀ ਰਾਤ ਨੂੰ ਬਾਬਾ ਸਿੱਦੀਕੀ ਦੀ ਮੁੰਬਈ ਵਿਚ ਉਸ ਦੇ ਪੁੱਤਰ ਜ਼ੀਸ਼ਾਨ ਸਿੱਦੀਕੀ ਦੇ ਦਫਤਰ ਦੇ ਬਾਹਰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਗੈਂਗ ਨੇ ਦਾਅਵਾ ਕੀਤਾ ਸੀ ਕਿ ਬਾਬਾ ਸਿੱਦੀਕੀ ਬਾਲੀਵੁੱਡ ਸਟਾਰ ਸਲਮਾਨ ਖਾਨ ਦਾ ਕਰੀਬੀ ਸੀ ਤੇ ਇਸੇ ਕਰ ਕੇ ਉਸ ਨੂੰ ਮਾਰ ਦਿੱਤਾ ਗਿਆ।