- Updated: June 24, 2026 04:09 PM
ਕੈਨੇਡਾ ਦੇ ਸਰੀ ਸ਼ਹਿਰ ਵਿੱਚ ਨਸ਼ਾ ਤਸਕਰੀ ਵਿਰੁੱਧ ਵਿੱਢੀ ਗਈ ਇੱਕ ਵੱਡੀ ਮੁਹਿੰਮ 'ਪ੍ਰੋਜੈਕਟ ਫੈਂਟਮ' ਤਹਿਤ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ। ਇਸ ਕਾਰਵਾਈ ਦੌਰਾਨ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਨਸ਼ਾ ਤਸਕਰੀ ਵਿੱਚ ਸ਼ਾਮਲ ਦੋ ਭਾਰਤੀ ਨਾਗਰਿਕਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢ ਦਿੱਤਾ ਹੈ। ਜਦਕਿ ਇੱਕ ਹੋਰ ਪੰਜਾਬੀ ਨੌਜਵਾਨ ਵਿਰੁੱਧ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਨੂੰ ਆਉਣ ਵਾਲੇ ਸਮੇਂ ਵਿੱਚ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਰੀ ਪੁਲਸ ਸਰਵਿਸ (SPS) ਅਨੁਸਾਰ ਇਸ ਸਾਲ ਫਰਵਰੀ ਵਿੱਚ ਸ਼ੁਰੂ ਹੋਈ ਚਾਰ ਮਹੀਨਿਆਂ ਦੀ ਜਾਂਚ ਤੋਂ ਬਾਅਦ 21 ਮਈ ਨੂੰ ਇੱਕ ਰਿਹਾਇਸ਼ੀ ਇਮਾਰਤ ਦੀ ਤਲਾਸ਼ੀ ਲਈ ਗਈ ਸੀ। ਇਸ ਕਾਰਵਾਈ ਵਿੱਚ ਲਗਭਗ 8,91,000 ਕੈਨੇਡੀਅਨ ਡਾਲਰ ਦੀ ਕੀਮਤ ਦੇ ਵੱਖ-ਵੱਖ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ । ਪੁਲਸ ਨੇ ਖ਼ੁਲਾਸਾ ਕੀਤਾ ਕਿ ਬਰਾਮਦ ਕੀਤੇ ਗਏ ਨਸ਼ਿਆਂ ਵਿੱਚ 468 ਗ੍ਰਾਮ ਫੈਂਟਾਨਿਲ ਵੀ ਸ਼ਾਮਲ ਹੈ। ਮਾਹਿਰਾਂ ਅਨੁਸਾਰ ਇਹ ਮਾਤਰਾ ਲਗਭਗ 23,400 ਲੋਕਾਂ ਲਈ ਜਾਨਲੇਵਾ ਸਾਬਤ ਹੋ ਸਕਦੀ ਸੀ।
ਗੁਰਜੋਤ ਸਿੰਘ 'ਤੇ ਲੱਗੇ ਤਸਕਰੀ ਦੇ ਇਲਜ਼ਾਮ
ਪੁਲਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 24 ਸਾਲਾ ਗੁਰਜੋਤ ਸਿੰਘ 'ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਉਨ੍ਹਾਂ ਨੂੰ ਆਪਣੇ ਕੋਲ ਰੱਖਣ ਦੇ ਛੇ ਮਾਮਲੇ ਦਰਜ ਕੀਤੇ ਗਏ ਹਨ। ਕੈਨੇਡੀਅਨ ਪੁਲਸ ਵੱਲੋਂ ਗੁਰਜੋਤ ਸਿੰਘ ਵਿਰੁੱਧ ਵੀ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦੋ ਹੋਰ ਭਾਰਤੀ ਨਾਗਰਿਕਾਂ, ਜਿਨ੍ਹਾਂ ਦੇ ਨਾਂ ਗੁਪਤ ਰੱਖੇ ਗਏ ਹਨ, ਨੂੰ ਪਹਿਲਾਂ ਹੀ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਇਸ ਸਾਲ ਹੁਣ ਤੱਕ ਕਈ ਭਾਰਤੀਆਂ ਨੂੰ ਫਿਰੌਤੀ ਅਤੇ ਹਿੰਸਕ ਗਤੀਵਿਧੀਆਂ ਕਾਰਨ ਪਹਿਲਾਂ ਹੀ ਦੇਸ਼ ਨਿਕਾਲਾ ਦਿੱਤਾ ਜਾ ਚੁੱਕਾ ਹੈ, ਪਰ ਹੁਣ ਨਸ਼ਾ ਤਸਕਰੀ ਵਿੱਚ ਸ਼ਾਮਲ ਲੋਕਾਂ ਵਿਰੁੱਧ ਵੀ ਅਜਿਹੀ ਸਖ਼ਤ ਕਾਰਵਾਈ ਤੇਜ਼ ਹੋ ਗਈ ਹੈ। ਕੈਨੇਡੀਅਨ ਪੁਲਸ ਦੀ ਪ੍ਰਧਾਨ ਈਰਿਨ ਓ'ਗੋਰਮਨ ਅਨੁਸਾਰ ਏਜੰਸੀ ਨੇ ਹੁਣ ਤੱਕ 446 ਇਮੀਗ੍ਰੇਸ਼ਨ ਜਾਂਚਾਂ ਸ਼ੁਰੂ ਕੀਤੀਆਂ ਹਨ ਅਤੇ 118 ਦੇਸ਼ ਨਿਕਾਲੇ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਕਈ ਭਾਰਤੀ ਵੀ ਸ਼ਾਮਲ ਹਨ।