- Updated: June 24, 2026 06:43 PM
ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ ਮੁਖੀ ਰਾਫੇਲ ਮਾਰੀਆਨੋ ਗ੍ਰੌਸੀ ਨੇ ਬੁੱਧਵਾਰ ਨੂੰ ਸਪੱਸ਼ਟ ਸੰਕੇਤ ਦਿੱਤੇ ਹਨ ਕਿ ਉਨ੍ਹਾਂ ਦੀ ਟੀਮ ਜਲਦੀ ਹੀ ਈਰਾਨ ਦੇ ਨਿਊਕਲੀਅਰ ਇਨਰਿਚਮੈਂਟ ਸਾਈਟਸ (ਪਰਮਾਣੂ ਸੰਵਰਧਨ ਕੇਂਦਰਾਂ) ਦਾ ਨਿਰੀਖਣ ਕਰੇਗੀ। ਇਹ ਨਿਰੀਖਣ ਅਮਰੀਕਾ ਅਤੇ ਈਰਾਨ ਵਿਚਕਾਰ ਜੰਗ ਨੂੰ ਖ਼ਤਮ ਕਰਨ ਲਈ ਹੋਏ ਅੰਤਰਿਮ ਸਮਝੌਤੇ ਦਾ ਇੱਕ ਅਹਿਮ ਹਿੱਸਾ ਮੰਨਿਆ ਜਾ ਰਿਹਾ ਹੈ।
ਜਾਪਾਨ ਦੇ ਫੁਕੁਸ਼ੀਮਾ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਗ੍ਰੌਸੀ ਨੇ ਕਿਹਾ ਕਿ ਹਾਲਾਂਕਿ ਰਾਜਨੀਤਿਕ ਬਿਆਨਬਾਜ਼ੀ ਹੋ ਰਹੀ ਹੈ, ਪਰ ਅਸਲੀਅਤ ਇਹ ਹੈ ਕਿ ਦੋਵਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਨੇ ਇੱਕ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ ਹਨ। ਉਨ੍ਹਾਂ ਕਿਹਾ ਕਿ ਉਸ ਸਮਝੌਤੇ ਵਿੱਚ ਸਪੱਸ਼ਟ ਲਿਖਿਆ ਹੈ ਕਿ ਪਰਮਾਣੂ ਗਤੀਵਿਧੀਆਂ ਦੀ ਨਿਗਰਾਨੀ IAEA ਵੱਲੋਂ ਕੀਤੀ ਜਾਵੇਗੀ। ਗ੍ਰੌਸੀ ਨੇ ਜ਼ੋਰ ਦੇ ਕੇ ਕਿਹਾ, "ਇਹ ਜਾਂਚ ਭਾਵੇਂ ਅੱਜ ਹੋਵੇ ਜਾਂ 10 ਦਿਨ ਬਾਅਦ, ਪਰ ਇਹ ਹੋ ਕੇ ਰਹੇਗੀ।"
ਇਸ ਜਾਂਚ ਨੂੰ ਲੈ ਕੇ ਅਮਰੀਕਾ ਅਤੇ ਈਰਾਨ ਵਿਚਾਲੇ ਟਕਰਾਅ ਵਾਲੇ ਬਿਆਨ ਸਾਹਮਣੇ ਆ ਰਹੇ ਹਨ। ਅਮਰੀਕੀ ਉਪ-ਰਾਸ਼ਟਰਪਤੀ ਜੇਡੀ ਵੈਂਸ ਦੇ ਦਾਅਵੇ ਦੇ ਉਲਟ, ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਾਈ ਨੇ ਕਿਹਾ ਹੈ ਕਿ ਪਿਛਲੇ ਸਾਲ ਅਮਰੀਕੀ ਬੰਬਾਰੀ ਦਾ ਸ਼ਿਕਾਰ ਹੋਏ ਟਿਕਾਣਿਆਂ ਦੀ ਜਾਂਚ ਲਈ ਸੰਯੁਕਤ ਰਾਸ਼ਟਰ ਦੇ ਨਿਰੀਖਕਾਂ ਨੂੰ ਬੁਲਾਉਣ ਦੀ ਫਿਲਹਾਲ ਕੋਈ ਯੋਜਨਾ ਨਹੀਂ ਹੈ।
ਕਿਉਂ ਅਹਿਮ ਹੈ ਇਹ ਜਾਂਚ?
ਮਾਹਰਾਂ ਅਨੁਸਾਰ ਇਹ ਜਾਂਚ ਬੇਹੱਦ ਜ਼ਰੂਰੀ ਹੈ ਕਿਉਂਕਿ ਸਮਝੌਤੇ ਤਹਿਤ ਈਰਾਨ ਦੇ ਉੱਚ ਪੱਧਰੀ ਯੂਰੇਨੀਅਮ ਭੰਡਾਰ ਨੂੰ ਘਟਾਉਣਾ ਲਾਜ਼ਮੀ ਹੈ। ਸਾਲ 2025 ਵਿੱਚ ਹੋਈ 12 ਦਿਨਾਂ ਦੀ ਜੰਗ ਦੌਰਾਨ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ਦੇ ਨਤਾਂਜ, ਫੋਰਦੋ ਅਤੇ ਇਸਫਹਾਨ ਵਰਗੇ ਪਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਅਨੁਮਾਨ ਹੈ ਕਿ ਈਰਾਨ ਕੋਲ ਇਸ ਸਮੇਂ 60 ਫੀਸਦੀ ਤੱਕ ਸੰਵਰਧਿਤ ਇੰਨਾ ਯੂਰੇਨੀਅਮ ਮੌਜੂਦ ਹੈ, ਜਿਸ ਨਾਲ ਉਹ 10 ਪਰਮਾਣੂ ਬੰਬ ਬਣਾ ਸਕਦਾ ਹੈ। IAEA ਨੂੰ ਡਰ ਹੈ ਕਿ ਈਰਾਨ ਆਪਣੇ ਯੂਰੇਨੀਅਮ ਭੰਡਾਰ ਨੂੰ ਕਿਸੇ ਗੁਪਤ ਥਾਂ 'ਤੇ ਤਬਦੀਲ ਕਰ ਸਕਦਾ ਹੈ, ਇਸ ਲਈ ਪਰਮਾਣੂ ਕੇਂਦਰਾਂ ਅਤੇ ਉੱਥੇ ਲੱਗੀਆਂ ਸੈਂਟਰੀਫਿਊਜ ਮਸ਼ੀਨਾਂ ਦੀ ਸਥਿਤੀ ਦੀ ਪੁਸ਼ਟੀ ਕਰਨਾ ਏਜੰਸੀ ਲਈ ਸਭ ਤੋਂ ਵੱਡੀ ਚੁਣੌਤੀ ਹੈ।