- Updated: August 31, 2026 09:41 AM
ਇਕ ਪਾਸੇ ਅਮਰੀਕਾ-ਇੰਗਲੈਂਡ ਨੇ ਪ੍ਰਵਾਸੀਆਂ ਲਈ ਸਖ਼ਤੀ ਕੀਤੀ ਹੋਈ ਹੈ, ਉੱਥੇ ਹੀ ਕੈਨੇਡਾ ਸਰਕਾਰ ਨੇ ਦੇਸ਼ ’ਚ ਪਹਿਲਾਂ ਤੋਂ ਮੌਜੂਦ ਵਿਦੇਸ਼ੀ ਵਰਕਰਾਂ ਲਈ ਨਿਯਮਾਂ ’ਚ ਵੱਡਾ ਬਦਲਾਅ ਕੀਤਾ ਹੈ। 21 ਅਗੱਸਤ 2026 ਤੋਂ ਲਾਗੂ ਨਵੀਆਂ ਹਦਾਇਤਾਂ ਅਨੁਸਾਰ ਜਿਨ੍ਹਾਂ ਬਿਨੈਕਾਰਾਂ ਦੇ ਮਾਲਕ ਦੀ ਅਰਜ਼ੀ ਅਜੇ ਪ੍ਰੋਸੈਸਿੰਗ ਵਿੱਚ ਹੈ, ਉਨ੍ਹਾਂ ਲਈ ਵਰਕ ਪਰਮਿਟ ਐਕਸਟੈਂਸ਼ਨ ਦਾ ਗ੍ਰੇਸ ਪੀਰੀਅਡ 60 ਦਿਨਾਂ ਤੋਂ ਵਧਾ ਕੇ 90 ਦਿਨ ਕਰ ਦਿਤਾ ਗਿਆ ਹੈ।
ਨਵੇਂ ਨਿਯਮ ਤਹਿਤ, ਹੁਣ ਇਮੀਗ੍ਰੇਸ਼ਨ ਅਧਿਕਾਰੀ ਬਿਨੈਕਾਰ ਦੀ ਵਰਕ ਪਰਮਿਟ ਅਰਜ਼ੀ ’ਤੇ ਅੰਤਮ ਫ਼ੈਸਲਾ ਲੈਣ ਤੋਂ ਪਹਿਲਾਂ 90 ਦਿਨਾਂ ਤਕ ਇੰਤਜ਼ਾਰ ਕਰਨਗੇ। ਇਸ ਨਾਲ ਵਿਦੇਸ਼ੀ ਵਰਕਰਾਂ ਨੂੰ ਅਪਣੇ ਮਾਲਕ ਵਲੋਂ ਪਾਜ਼ੇਟਿਵ ਅਰਜ਼ੀ ਜਮ੍ਹਾਂ ਕਰਵਾਉਣ ਲਈ 30 ਦਿਨਾਂ ਦਾ ਵਾਧੂ ਸਮਾਂ ਮਿਲੇਗਾ। ਇਸ ਨਿਯਮ ਦਾ ਲਾਭ ਲੈਣ ਵਾਲੇ ਵਿਦੇਸ਼ੀ ਕਾਮੇ ਦਾ ਕੈਨੇਡਾ ਦੇ ਅੰਦਰ ਹੀ ਮੌਜੂਦ ਹੋਣਾ ਲਾਜ਼ਮੀ ਹੈ। ਵਰਕਰ ਦਾ ਮੌਜੂਦਾ ਵਰਕ ਪਰਮਿਟ ਖ਼ਤਮ ਹੋਣ ’ਚ 2 ਹਫ਼ਤੇ ਜਾਂ ਉਸ ਤੋਂ ਘੱਟ ਸਮਾਂ ਬਾਕੀ ਹੋਣਾ ਚਾਹੀਦਾ ਹੈ।
ਤੇ ਉਸ ਦੇ ਮਾਲਕ ਵਲੋਂ ਪਹਿਲਾਂ ਹੀ ਈ.ਐਸ.ਡੀ.ਸੀ ਕੋਲ ਪੂਰੀ ਅਰਜ਼ੀ ਜਮ੍ਹਾਂ ਕਰਵਾਈ ਹੋਈ ਹੋਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਬਹੁਤ ਸਾਰੇ ਵਰਕਰਾਂ ਦਾ ਪਰਮਿਟ ਖ਼ਤਮ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਸੀ। ਨਿਯਮਾਂ ’ਚ ਇਸ ਬਦਲਾਅ ਨਾਲ ਵਰਕਰਾਂ ਨੂੰ ਆਪਣੇ ਮੌਜੂਦਾ ਸਟੇਟਸ ਅਧੀਨ ਕੈਨੇਡਾ ’ਚ ਕਾਨੂੰਨੀ ਤੌਰ ’ਤੇ ਕੰਮ ਕਰਦੇ ਰਹਿਣ ਦਾ ਮੌਕਾ ਮਿਲੇਗਾ।