ਦਿੱਲੀ ’ਚ 11ਵੀਂ ਜਮਾਤ ਦੀ ਵਿਦਿਆਰਥਣ ਨਾਲ ਸਲੀਪਰ ਬੱਸ ਅੰਦਰ ਜ਼ਬਰਜਨਾਹ

ਦਿੱਲੀ ’ਚ 11ਵੀਂ ਜਮਾਤ ਦੀ ਵਿਦਿਆਰਥਣ ਨਾਲ ਸਲੀਪਰ ਬੱਸ ਅੰਦਰ ਜ਼ਬਰਜਨਾਹ

ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਇਕ ਵਾਰ ਫਿਰ ਨਿਰਭਯਾ ਵਰਗਾ ਕਾਂਡ ਸਾਹਮਣੇ ਆਇਆ ਹੈ, ਜਿਸ ਨੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਨੇ। ਇਹ ਘਿਨੌਣੀ ਵਾਰਦਾਤ ਇਕ ਸਲੀਪਰ ਬੱਸ ਵਿਚ ਵਾਪਰੀ, ਜਦੋਂ ਬੱਸ ਦੇ ਡਰਾਇਵਰ ਅਤੇ ਕੰਡਕਟਰ ਨੇ 16 ਸਾਲਾ ਵਿਦਿਆਰਥਣ ਨਾਲ ਸਮੂਹਿਕ ਜ਼ਬਰਜਨਾਹ ਕੀਤਾ। ਪੀੜਤ ਲੜਕੀ ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਅਤੇ 11ਵੀਂ ਜਮਾਤ ਦੀ ਵਿਦਿਆਰਥਣ ਹੈ। ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਬੱਸ ਨੂੰ ਵੀ ਅਪਣੇ ਕਬਜ਼ੇ ਵਿਚ ਲੈ ਲਿਆ। ਦਿੱਲੀ ਪੁਲਿਸ ਅਨੁਸਾਰ ਪੀੜਤਾ ਦਾ ਅਪਣੇ ਘਰ ’ਤੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਉਹ ਰਾਤ ਨੂੰ ਪਰਿਵਾਰ ਨੂੰ ਬਿਨਾਂ ਦੱਸੇ ਘਰੋਂ ਨਿਕਲ ਗਈ। ਭਾਰੀ ਮੀਂਹ ਅਤੇ ਹਨ੍ਹੇਰਾ ਹੋਣ ਕਰਕੇ ਉਹ ਗ਼ਲਤੀ ਨਾਲ ਪਰੀ ਚੌਂਕ ’ਤੇ ਉਤਰ ਗਈ। ਇਸੇ ਦੌਰਾਨ ਉਸ ਨੇ ਇਕ ਬੱਸ ਨੂੰ ਰੁਕਣ ਦਾ ਇਸ਼ਾਰਾ ਕੀਤਾ, ਜਿਸ ਤੋਂ ਬਾਅਦ ਬੱਸ ਰੁਕ ਗਈ। ਇਹ ਸਲੀਪਰ ਬੱਸ ਸੀ ਜੋ ਖ਼ਾਲੀ ਸੀ। ਕੁੱਝ ਸਮੇਂ ਮਗਰੋਂ ਕੰਡਕਟਰ ਨੇ ਵਿਦਿਆਰਥਣ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਫਿਰ ਡਰਾਇਵਰ ਅਤੇ ਕੰਡਕਟਰ ਦੋਵਾਂ ਨੇ ਵਿਦਿਆਰਥਣ ਨਾਲ ਜ਼ਬਰਜਨਾਹ ਕੀਤਾ। ਵਿਰੋਧ ਕਰਨ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਫਿਰ ਦੋਵੇਂ ਜਣੇ ਉਸ ਨੂੰ ਕਸ਼ਮੀਰੀ ਗੇਟ ਬੱਸ ਅੱਡੇ ਕੋਲ ਰਿੰਗ ਰੋਡ ’ਤੇ ਉਸ ਨੂੰ ਉਤਾਰ ਕੇ ਫ਼ਰਾਰ ਹੋ ਗਏ।’’ 

ਇਸ ਮਗਰੋਂ ਡਰੀ ਹੋਈ ਵਿਦਿਆਰਥਣ ਨੇ ਕਸ਼ਮੀਰੀ ਗੇਟ ਪੁਲਿਸ ਨਾਲ ਸੰਪਰਕ ਕੀਤਾ ਅਤੇ ਪੂਰੀ ਘਟਨਾ ਬਿਆਨ ਕੀਤੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵੇਂ ਮੁਲਜ਼ਮਾਂ ਡਰਾਇਵਰ ਕੁਲਦੀਪ ਅਤੇ ਕੰਡਕਟਰ ਸੰਦੀਪ ਨੂੰ ਟਿਮਾਰਪੁਰ ਦੀ ਇਕ ਬੱਸ ਪਾਰਕਿੰਗ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਦੀ ਬੱਸ ਵੀ ਜ਼ਬਤ ਕਰ ਲਈ। ਬੱਸ ਦੀ ਫੌਰੈਂਸਿਕ ਜਾਂਚ ਕੀਤੀ ਜਾ ਰਹੀ ਐ। ਜਾਣਕਾਰੀ ਅਨੁਸਾਰ ਘਟਨਾ ਵਾਲੇ ਦਿਨ ਬੱਸ ਵਿਚ ਖ਼ਰਾਬੀ ਹੋਣ ਕਰਕੇ ਮੁਲਜ਼ਮ ਉਸ ਨੂੰ ਮੁਰੰਮਤ ਲਈ ਸੂਰਜਪੁਰ ਦੀ ਇਕ ਵਰਕਸ਼ਾਪ ਵਿਚ ਲੈ ਗਏ ਸੀ ਪਰ ਮੁਰੰਮਤ ਪੂਰੀ ਹੋਣ ਤੋਂ ਬਾਅਦ ਜਦੋਂ ਉਹ ਵਾਪਸ ਬੱਸ ਨੂੰ ਲਿਆ ਰਹੇ ਸੀ ਤਾਂ ਰਸਤੇ ਵਿਚ ਉਨ੍ਹਾਂ ਨੂੰ ਇਹ ਵਿਦਿਆਰਥਣ ਮਿਲੀ। ਵਿਦਿਆਰਥਣ ਨਾਲ ਦਰਿੰਦਗੀ ਦੌਰਾਨ ਉਹ ਬੱਸ ਨੂੰ 47 ਕਿਲੋਮੀਟਰ ਤੱਕ ਸੜਕ ’ਤੇ ਦੌੜਾਉਂਦੇ ਰਹੇ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ।

ਇਸੇ ਤਰ੍ਹਾਂ ਦਿੱਲੀ ਦੇ ਬਵਾਨਾ ਇਲਾਕੇ ਵਿਚ ਵੀ ਇਕ ਪ੍ਰਾਈਵੇਟ ਸਕੂਲ ਵਿਚ ਤਿੰਨ ਸਾਲਾਂ ਦੀ ਵਿਦਿਆਰਥਣ ਨਾਲ ਯੌਨ ਸ਼ੋਸਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਚਲਦਿਆਂ ਪੁਲਿਸ ਨੇ ਸਕੂਲ ਵਿਚ ਕੰਮ ਕਰਨ ਵਾਲੇ ਕੈਬ ਡਰਾਇਵਰ ਨੂੰ ਗ੍ਰਿਫ਼ਤਾਰ ਕੀਤਾ ਹੈ । ਪੁਲਿਸ ਦੇ ਮੁਤਾਬਕ ਮੁਲਜ਼ਮ ਨੇ ਨਰਸਰੀ ਵਿਚ ਪੜ੍ਹਨ ਵਾਲੀ ਬੱਚੀ ਨੂੰ ਚਾਕਲੇਟ ਦਾ ਲਾਲਚ ਦਿੱਤਾ ਅਤੇ ਉਸ ਨੂੰ ਕਈ ਵਾਰ ਗ਼ਲਤ ਤਰੀਕੇ ਨਾਲ ਛੂਹਿਆ। ਜਦੋਂ ਬੱਚੀ ਦੀ ਮਾਂ ਨੇ ਬੱਚੀ ਦੇ ਵਿਵਹਾਰ ’ਚ ਬਦਲਾਅ ਦੇਖਿਆ ਤਾਂ ਉਸ ਨੇ ਇਸ ਬਾਰੇ ਬੱਚੀ ਨੂੰ ਪੁੱਛਿਆ ਤਾਂ ਬੱਚੀ ਨੇ ਸਕੂਲ ਵਿਚਲੇ ‘ਬੈਡ ਅੰਕਲ’ ਬਾਰੇ ਦੱਸਿਆ। ਇਸ ਮਗਰੋਂ ਸਕੂਲ ਪ੍ਰਸ਼ਾਸਨ ਨੇ ਸੀਸੀਟੀਵੀ ਫੁਟੇਜ ਚੈੱਕ ਕੀਤੇ ਅਤੇ ਮੁਲਜ਼ਮ ਕੈਬ ਡਰਾਇਵਰ ਦੀ ਪਛਾਣ ਹੋਈ। ਇਸ ਮਾਮਲੇ ਵਿਚ ਪੁਲਿਸ ਹੁਣ ਵੀਡੀਓ ਵਿਚ ਦਿਸ ਰਹੇ ਦੂਜੇ ਬੱਚਿਆਂ ਦੀ ਪਛਾਣ ਕਰਨ ਵਿਚ ਜੁਟੀ ਐ ਤਾਂ ਉਨ੍ਹਾਂ ਨੂੰ ਜ਼ਰੂਰੀ ਕੌਂਸਲਿੰਗ ਦਿੱਤੀ ਜਾ ਸਕੇ।