ਕੈਨੇਡੀਅਨ ਵਿਦੇਸ਼ ਮੰਤਰੀ ਨੇ ਕੀਤਾ ਦਾਅਵਾ, ਭਾਰਤੀ ਅਧਿਕਾਰੀਆਂ ਨੂੰ ਨਿੱਝਰ ਦੇ ਕਤਲ ਸਬੰਧੀ ਪੇਸ਼ ਕੀਤੇ ਸਨ ਸਬੂਤ। 

ਕੈਨੇਡੀਅਨ ਵਿਦੇਸ਼ ਮੰਤਰੀ ਨੇ ਕੀਤਾ ਦਾਅਵਾ, ਭਾਰਤੀ ਅਧਿਕਾਰੀਆਂ ਨੂੰ ਨਿੱਝਰ ਦੇ ਕਤਲ ਸਬੰਧੀ ਪੇਸ਼ ਕੀਤੇ ਸਨ ਸਬੂਤ। 

ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੌਲੀ ਨੇ ਦਾਅਵਾ ਕੀਤਾ ਹੈ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਸਬੰਧੀ ਸੰਸਦ ਵਿੱਚ ਪ੍ਰਧਾਨ ਮੰਤਰੀ ਟਰੂਡੋ ਦੇ ਬਿਆਨ ਦੇਣ ਤੋਂ ਪਹਿਲਾਂ ਕੈਨੇਡਾ ਨੇ ਭਾਰਤ ਸਰਕਾਰ ਨਾਲ ਕਈ ਵਾਰ ਗੱਲਬਾਤ ਕੀਤੀ ਸੀ। ਮੇਲਾਨੀ ਜੌਲੀ ਨੇ ਕਿਹਾ ਕਿ ਖਾਲਿਸਤਾਨੀ ਅੱਤਵਾਦੀ ਨਿੱਝਰ ਦੇ ਕਤਲ ਵਿੱਚ ਨਵੀਂ ਦਿੱਲੀ ਦੀ ਸ਼ਮੂਲੀਅਤ ਸਬੰਧੀ ਇਨ੍ਹਾਂ ਵਾਰਤਾਲਾਪਾਂ ਵਿੱਚ ਭਾਰਤੀ ਅਧਿਕਾਰੀਆਂ ਨੂੰ "ਭਰੋਸੇਯੋਗ ਦੋਸ਼ਾਂ" ਤੋਂ ਜਾਣੂ ਕਰਵਾਇਆ ਗਿਆ ਸੀ।

ਵੀਰਵਾਰ ਨੂੰ ਓਟਾਵਾ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਜੌਲੀ ਨੇ 41 ਕੈਨੇਡੀਅਨ ਡਿਪਲੋਮੈਟਾਂ ਅਤੇ ਦਿੱਲੀ ਵਿੱਚ ਉਨ੍ਹਾਂ ਦੇ ਆਸ਼ਰਿਤਾਂ ਲਈ ਡਿਪਲੋਮੈਟਿਕ ਛੋਟ ਹਟਾਉਣ ਦੇ ਫੈਸਲੇ ਨੂੰ "ਅਣਉਚਿਤ" ਕਰਾਰ ਦਿੱਤਾ। ਇਹ ਪੁੱਛੇ ਜਾਣ 'ਤੇ ਕਿ ਕੀ ਕੈਨੇਡਾ ਨੇ ਭਾਰਤ ਨੂੰ ਆਪਣੇ ਦਾਅਵੇ ਦੇ ਸਬੰਧ ਵਿਚ ਸਬੂਤ ਦਿਖਾਏ ਹਨ, ਜੌਲੀ ਨੇ ਕਿਹਾ, "ਪ੍ਰਧਾਨ ਮੰਤਰੀ ਦੇ ਸਦਨ ਦੇ ਸਾਹਮਣੇ ਜਾਣ ਅਤੇ ਐਲਾਨ ਕਰਨ ਤੋਂ ਪਹਿਲਾਂ ਅਸੀਂ ਭਾਰਤ ਨਾਲ ਕਈ ਵਾਰ ਗੱਲਬਾਤ ਕੀਤੀ ਹੈ। ਭਾਰਤ ਸਰਕਾਰ ਲਈ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ ਅਤੇ ਇਨ੍ਹਾਂ ਵੱਖ-ਵੱਖ ਵਾਰਤਾਲਾਪਾਂ ਰਾਹੀਂ ਭਾਰਤੀ ਅਧਿਕਾਰੀਆਂ ਨੂੰ ਭਰੋਸੇਯੋਗ ਦੋਸ਼ਾਂ ਤੋਂ ਜਾਣੂ ਕਰਵਾਇਆ ਗਿਆ ਸੀ।"

ਉਨ੍ਹਾਂ ਅੱਗੇ ਕਿਹਾ, "ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਹੈ। ਤੁਸੀਂ ਮੈਨੂੰ ਸਵਾਲ ਪੁੱਛਿਆ ਹੈ ਕਿ ਕੀ ਅਸੀਂ ਗੱਲਬਾਤ ਕੀਤੀ ਸੀ ਅਤੇ ਸਬੂਤ ਪੇਸ਼ ਕੀਤੇ ਸਨ। ਮੈਂ ਤੁਹਾਨੂੰ ਦੱਸਿਆ ਹੈ ਕਿ ਮੀਟਿੰਗਾਂ ਹੋਈਆਂ ਸਨ ਅਤੇ ਜਾਣਕਾਰੀ ਸਾਂਝੀ ਕੀਤੀ ਗਈ ਸੀ।" ਮੇਲਾਨੀ ਜੌਲੀ ਨੇ ਵੀਰਵਾਰ ਨੂੰ ਘੋਸ਼ਣਾ ਕੀਤਾ ਕਿ ਕੈਨੇਡਾ ਨੇ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਵਿਵਾਦ ਨੂੰ ਲੈ ਕੇ 41 ਡਿਪਲੋਮੈਟਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਭਾਰਤ ਤੋਂ ਵਾਪਸ ਸੱਦ ਲਿਆ ਹੈ ਅਤੇ ਬਾਕੀ ਬਚੇ 21 ਕੈਨੇਡੀਅਨ ਡਿਪਲੋਮੈਟਾਂ ਨੂੰ ਛੋਟ ਮਿਲਦੀ ਰਹੇਗੀ ਅਤੇ ਉਹ ਭਾਰਤ ਵਿੱਚ ਹੀ ਰਹਿਣਗੇ। ਜੌਲੀ ਨੇ ਕਿਹਾ ਕਿ ਡਿਪਲੋਮੈਟਿਕ ਛੋਟ ਨੂੰ ਹਟਾਉਣਾ ਅੰਤਰਰਾਸ਼ਟਰੀ ਕਾਨੂੰਨ ਦੇ ਖਿਲਾਫ ਹੈ ਅਤੇ ਇਸ ਵਜ੍ਹਾ ਕਾਰਨ ਕੈਨੇਡਾ ਭਾਰਤੀ ਡਿਪਲੋਮੈਟਾਂ ਖਿਲਾਫ ਅਜਿਹੇ ਕਦਮ ਚੁੱਕਣ ਦੀ ਧਮਕੀ ਨਹੀਂ ਦੇਵੇਗਾ।