- Updated: September 12, 2026 07:17 PM
ਅੰਮ੍ਰਿਤਸਰ ਦੇ ਮਕਬੂਲਪੁਰਾ ਵਿਚ ਪੁਲਿਸ ਵੱਲੋਂ ਦਾ ਵੱਡਾ CASO ਆਪ੍ਰੇਸ਼ਨ ਚਲਾਇਆ ਗਿਆ ਜਿਸ ਤਹਿਤ 7 ਕਿਲੋ ਤੋਂ ਵੱਧ ਹੈਰੋਇਨ ਤੇ ਸਵਾ 4 ਕਿਲੋ ਅਫੀਮ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਕਈ ਨਸ਼ਾ ਤਸਕਰ ਪੁਲਿਸ ਦੀ ਹਿਰਾਸਤ ’ਚ ਲਏ ਗਏ ਹਨ ਅਤੇ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਹੈ।
ਇਸ ਪੂਰੇ CASO ਆਪ੍ਰੇਸ਼ਨ ਦਾ ਜਾਇਜ਼ਾ ਲੈਣ ਲਈ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਹਰਮਨਬੀਰ ਸਿੰਘ ਗਿੱਲ, IPS, ADGP/SAP ਸ੍ਰੀ ਐੱਮ.ਐੱਫ. ਫਾਰੂਕੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਪੰਜਾਬ ਪੁਲਿਸ ਅਤੇ ਅਧਿਕਾਰੀਆਂ ਵੱਲੋਂ ਲਗਾਤਾਰ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਬਰਾਮਦਗੀ ਅਤੇ ਮਾਮਲੇ ਦਰਜ ਕਰਨ ਦੇ ਮਾਮਲੇ ਵਿੱਚ ਬੇਮਿਸਾਲ ਕਾਰਵਾਈ ਹੋਈ ਹੈ ਅਤੇ ਨਸ਼ਾ ਵੇਚਣ ਤੇ ਵੰਡਣ ਵਾਲੇ ਲੋਕਾਂ ’ਤੇ ਲਗਾਮ ਕੱਸੀ ਜਾ ਰਹੀ ਹੈ।
ADGP ਨੇ ਦੱਸਿਆ ਕਿ ਪੁਲਿਸ ਵੱਲੋਂ ਪਹਿਲਾਂ ਤੋਂ ਪਛਾਣ ਕੀਤੇ ਗਏ ਇਲਾਕਿਆਂ ਵਿੱਚ ਨਿਗਰਾਨੀ ਰੱਖੀ ਜਾਂਦੀ ਹੈ। ਇਸ ਤੋਂ ਬਾਅਦ ਅਚਾਨਕ ਰੇਡ ਕਰਕੇ ਇਲਾਕੇ ਨੂੰ ਘੇਰਿਆ ਜਾਂਦਾ ਹੈ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਮਾੜੇ ਅਨਸਰਾਂ ਨੂੰ ਭੱਜਣ ਦਾ ਮੌਕਾ ਨਹੀਂ ਮਿਲਦਾ ਅਤੇ ਉਨ੍ਹਾਂ ਵਿੱਚ ਇਹ ਡਰ ਪੈਦਾ ਹੁੰਦਾ ਹੈ ਕਿ ਪੰਜਾਬ ਪੁਲਿਸ ਕਿਸੇ ਵੀ ਸਮੇਂ ਉਨ੍ਹਾਂ ਤੱਕ ਪਹੁੰਚ ਸਕਦੀ ਹੈ।
ਐੱਮ.ਐੱਫ. ਫਾਰੂਕੀ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਸਿਰਫ਼ ਗ੍ਰਿਫ਼ਤਾਰੀਆਂ ਤੱਕ ਸੀਮਿਤ ਨਹੀਂ ਹੈ। ਨਸ਼ੇ ਦੇ ਆਦੀ ਲੋਕਾਂ ਨੂੰ ਡੀ-ਅਡਿਕਸ਼ਨ ਕਰਵਾਉਣਾ, ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਕਰਨਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਇਸ ਨੀਤੀ ਦੇ ਮੁੱਖ ਹਿੱਸੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਭਰਤੀਆਂ ਵਿੱਚ ਨਸ਼ਾ ਮੁਕਤ ਹੋਣ ਦੀ ਸ਼ਰਤ ਕਾਰਨ ਵੱਡੀ ਗਿਣਤੀ ਵਿੱਚ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ ਵੱਲ ਪ੍ਰੇਰਿਤ ਹੋ ਰਹੇ ਹਨ।