- Updated: September 12, 2026 07:34 PM
ਗੁਰਦਾਸਪੁਰ ਦੇ ਨਵਾਂ ਪਿੰਡ ਸਰਦਾਰਾਂ ‘ਚ ਬੀਤੀ ਦੇਰ ਰਾਤ ਗੋਲੀਆਂ ਚੱਲੀਆਂ ਹਨ। ਜਾਣਕਾਰੀ ਮੁਤਾਬਕ ਦੋ ਗੱਡੀਆਂ ‘ਚ ਆਏ ਹਮਲਾਵਰਾਂ ਨੇ ਸਾਬਕਾ ਸਰਪੰਚ ਦੇ ਭਰਾ ਕੁਲਵਿੰਦਰ ਸਿੰਘਦੇ ਘਰ ਤੇ ਕਾਰ ‘ਤੇ ਫਾਇਰਿੰਗ ਕੀਤੀ। ਹਮਲਾਵਰਾਂ ਵੱਲੋਂ 6-7 ਰਾਊਂਡ ਫਾਇਰ ਕੀਤੇ ਗਏ ਜਿਸ ਮਗਰੋਂ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ।
ਪਿੰਡ ਵਾਸੀਆਂ ਵੱਲੋਂ ਪੱਥਰਬਾਜ਼ੀ ਕਰਨ ‘ਤੇ ਹਮਲਾਵਰ ਫਰਾਰ ਹੋਏ। ਪਿੰਡ ਦੇ ਲੋਕਾਂ ਵੱਲੋਂ ਕੀਤੇ ਵਿਰੋਧ ਕਰਕੇ ਹਮਲਾਵਰ ਆਪਣੇ ਮਨਸੂਬਿਆਂ ਵਿਚ ਸਫਲ ਨਹੀਂ ਹੋ ਸਕੇ ਤੇ ਰਾਤ ਦੇ ਹਨ੍ਹੇਰੇ ਵਿਚ ਫਰਾਰ ਹੋ ਗਏ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਲਵਿੰਦਰ ਸਿੰਘ ਨੂੰ ਕੁਝ ਦਿਨ ਤੋਂ ਇੰਟਰਨੈਸ਼ਨਲ ਨੰਬਰਾਂ ਤੋਂ ਧਮਕੀ ਭਰੇ ਫੋਨ ਆ ਰਹੇ ਸੀ ।
ਫੋਨ ਕਾਲ ਵਿਚ ਕੁਲਵਿੰਦਰ ਸਿੰਘ ਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਪਰਿਵਾਰ ਦਾ ਕਹਿਣਾ ਹੈ ਕਿ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਪੁਲਿਸ ਨੂੰ ਜਿਵੇਂ ਹੀ ਘਟਨਾ ਬਾਰੇ ਪਤਾ ਲੱਗਾ ਤਾਂ ਉਹ ਮੌਕੇ ‘ਤੇ ਪਹੁੰਚੀ। ਪੁਲਿਸ ਵੱਲੋਂ ਮੌਕੇ ਤੋਂ 3 ਖੋਲ ਵੀ ਬਰਾਮਦ ਕੀਤੇ ਗਏ ਤੇ ਪਿੰਡ ਵਾਸੀਆਂ ਦੇ ਕਹਿਣ ਦੇ ਆਧਾਰ ‘ਤੇ ਹਮਲਾਵਰ ਨੇੜਲੇ ਪਿੰਡ ਦੇ ਦੱਸੇ ਜਾ ਰਹੇ ਹਨ ਜਿਸ ਦੇ ਆਧਾਰ ‘ਤੇ ਹੁਣ ਪੁਲਿਸ ਨੇ ਮਾਮਲਾ ਦਰਜ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।