ਕੈਨੇਡਾ ਦੁਨੀਆ ’ਚ ਕਾਰ ਚੋਰੀ ਦੇ ਮਾਮਲਿਆਂ ’ਚ ਟੌਪ ’ਤੇ, 7 ਮਹੀਨਿਆਂ ’ਚ ਗ੍ਰਿਫ਼ਤਾਰ ਕੀਤੇ 40 ਫ਼ੀਸਦੀ ਚੋਰ ਪੰਜਾਬੀ। 

ਕੈਨੇਡਾ ਦੁਨੀਆ ’ਚ ਕਾਰ ਚੋਰੀ ਦੇ ਮਾਮਲਿਆਂ ’ਚ ਟੌਪ ’ਤੇ, 7 ਮਹੀਨਿਆਂ ’ਚ ਗ੍ਰਿਫ਼ਤਾਰ ਕੀਤੇ 40 ਫ਼ੀਸਦੀ ਚੋਰ ਪੰਜਾਬੀ। 

ਕੈਨੇਡਾ ’ਚ ਪਿਛਲੇ ਸਾਲ ਨਾਲੋਂ ਇਸ ਸਾਲ ਕਾਰ ਚੋਰੀ ਦੀਆਂ ਘਟਨਾਵਾਂ ’ਚ 50 ਫ਼ੀਸਦੀ ਦਾ ਵਾਧਾ ਹੋਇਆ ਹੈ। ਕਾਰ ਚੋਰੀ ਦੇ ਮਾਮਲਿਆਂ ਵਿੱਚ ਕੈਨੇਡਾ ਦੁਨੀਆ ’ਚ ਸਭ ਤੋਂ ਅੱਗੇ ਹੈ। ਕੈਨੇਡੀਅਨ ਫਾਈਨਾਂਸ ਐਂਡ ਲੀਜ਼ਿੰਗ ਐਸੋਸੀਏਸ਼ਨ ਦੀ 2023 ਦੀ ਰਿਪੋਰਟ ਅਨੁਸਾਰ ਕੈਨੇਡਾ ਵਿੱਚ ਔਸਤ ਹਰ 6 ਮਿੰਟ ਵਿੱਚ ਇਕ ਕਾਰ ਚੋਰੀ ਹੁੰਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕੈਨੇਡਾ ਪੜ੍ਹਨ ਗਏ ਪੰਜਾਬ ਅਤੇ ਭਾਰਤ ਦੇ ਵਿਦਿਆਰਥੀਆਂ ਦੀ ਕਾਰ ਚੋਰੀ ਅਤੇ ਹੋਰ ਅਪਰਾਧਾਂ ਵਿੱਚ ਸ਼ਮੂਲੀਅਤ ਵਧਦੀ ਜਾ ਰਹੀ ਹੈ। ਇਸ ਸਾਲ ਪਿਛਲੇ 7 ਮਹੀਨਿਆਂ ਵਿੱਚ ਕਾਰਾਂ ਦੀ ਕੁੱਲ ਚੋਰੀ ਦੇ ਮਾਮਲਿਆਂ ਵਿੱਚ ਲਗਭਗ 40 ਫ਼ੀਸਦੀ ਪੰਜਾਬ ਦੇ ਵਿਦਿਆਰਥੀ ਅਤੇ ਭਾਰਤੀ ਮੂਲ ਦੇ ਹੋਰ ਲੋਕ ਸ਼ਾਮਲ ਸਨ। ਇਸ ਤੋਂ ਇਲਾਵਾ ਜਦੋਂ ਜੂਨ 2021 ਵਿੱਚ ਕੈਨੇਡਾ ਦੇ ਇਤਿਹਾਸ ਦੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਸੀ ਤਾਂ ਵੀ ਪੰਜਾਬੀ ਮੂਲ ਦੇ ਭਾਰਤੀ ਇਸ ਵਿੱਚ ਪਿੱਛੇ ਨਹੀਂ ਸਨ।

ਟੋਰਾਂਟੋ ਪੁਲਸ ਨੇ 20 ਵਿਅਕਤੀਆਂ ਨੂੰ 1000 ਕਿੱਲੋ ਤੋਂ ਵੱਧ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 61 ਮਿਲੀਅਨ ਡਾਲਰ (3.68 ਅਰਬ ਰੁਪਏ) ਸੀ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ 9 ਪੰਜਾਬੀ ਮੂਲ ਦੇ ਸਨ। ਟੋਰਾਂਟੋ ਪੁਲਸ ਨੇ ਸ਼ਹਿਰ ਵਾਸੀਆਂ ਤੋਂ ਚੋਰੀ ਹੋਈਆਂ ਇਕ ਹਜ਼ਾਰ ਤੋਂ ਵੱਧ ਕਾਰਾਂ ਬਰਾਮਦ ਕੀਤੀਆਂ ਹਨ। 228 ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਇਨ੍ਹਾਂ ਵਿੱਚ 75 ਪੰਜਾਬੀ ਨੌਜਵਾਨ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕਈ ਨੌਜਵਾਨਾਂ ਦੀ ਉਮਰ ਸਿਰਫ਼ 20 ਸਾਲ ਦੇ ਕਰੀਬ ਹੈ। ਉਹ ਸਿੱਖਿਆ ਹਾਸਲ ਕਰਨ ਲਈ ਪੰਜਾਬ ਤੋਂ ਕੈਨੇਡਾ ਗਏ ਸਨ। ਚੋਰੀ ਹੋਈਆਂ ਕਾਰਾਂ ਦੀ ਕੀਮਤ 6 ਅਰਬ ਰੁਪਏ ਤੋਂ ਵੱਧ ਸੀ। ਅਪ੍ਰੈਲ ਵਿੱਚ ਕੈਨੇਡੀਅਨ ਪੁਲਸ ਨੇ ਕਾਰ ਚੋਰੀ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਸੀ। ਇਸ 119 ਮੈਂਬਰੀ ਚੋਰ ਗਿਰੋਹ ਵਿੱਚ 47 ਪੰਜਾਬੀ ਵੀ ਸ਼ਾਮਲ ਸਨ। ਇਨ੍ਹਾਂ ਕੋਲੋਂ 556 ਕਾਰਾਂ ਬਰਾਮਦ ਹੋਈਆਂ ਹਨ। ਇਨ੍ਹਾਂ ਦੀ ਕੀਮਤ ਕਰੀਬ 17 ਕਰੋੜ ਰੁਪਏ ਸੀ।

ਇਕੁਇਟੀ ਐਸੋਸੀਏਸ਼ਨ ਜੋ ਇੱਕ ਗੈਰ-ਮੁਨਾਫ਼ਾ ਸੰਸਥਾ ਹੈ ਅਤੇ ਬੀਮਾ ਧੋਖਾਦੇਹੀ ਅਤੇ ਅਪਰਾਧ ਦੀ ਜਾਂਚ ਕਰਦੀ ਹੈ, ਨੇ ਦੇਸ਼ ਵਿੱਚ ਚੋਟੀ ਦੀਆਂ 10 ਸਭ ਤੋਂ ਵੱਧ ਚੋਰੀ ਹੋਈਆਂ ਕਾਰਾਂ ਦੀ ਸੂਚੀ ਜਾਰੀ ਕੀਤੀ ਹੈ। 2017 ਤੋਂ ਬਾਅਦ ਬਣੀਆਂ ਐੱਸ. ਯੂ. ਵੀ. ਅਕਸਰ ਸਭ ਤੋਂ ਵੱਧ ਨਿਸ਼ਾਨਾ ਬਣੀਆਂ ਹੁੰਦੀਆਂ ਹਨ। 2016 ਅਤੇ 2021 ਦਰਮਿਆਨ ਬਣੀ ਹੌਂਡਾ ਸੀ. ਆਰ.-ਵੀ. ਕੈਨੇਡਾ ਵਿੱਚ ਸਭ ਤੋਂ ਵੱਧ ਚੋਰੀ ਹੋਣ ਵਾਲੀ ਕਾਰ ਹੈ। ਇਸ ਤੋਂ ਬਾਅਦ ਉਸੇ ਸਮੇਂ ਦੌਰਾਨ ਬਣੀ ਲੈਕਸਸ ਆਰ. ਐਕਸ ਹੈ। ਲੈਕਸਸ ਓਂਟਾਰੀਓ ਵਿੱਚ ਸਭ ਤੋਂ ਵੱਧ ਚੋਰੀ ਹੋਈਆਂ ਕਾਰਾਂ ਵਿੱਚੋਂ ਇਕ ਹੈ। ਇਹ ਪੇਂਡੂ ਖੇਤਰਾਂ ਨਾਲੋਂ ਟੋਰਾਂਟੋ ਵਰਗੇ ਸ਼ਹਿਰਾਂ ਵਿੱਚ ਵਧੇਰੇ ਆਮ ਹੈ। ਇਸੇ ਤਰ੍ਹਾਂ ਫੋਰਡ-ਐੱਫ 350 ਵਰਗੇ ਟਰੱਕ ਅਲਬਰਟਾ ਜਾਂ ਪੱਛਮੀ ਕੈਨੇਡਾ ਵਿੱਚ ਆਮ ਹਨ। ਇਹ ਕਿਸਾਨ ਭਾਈਚਾਰਿਆਂ ’ਚ ਪ੍ਰਸਿੱਧ ਹਨ। ਕੈਨੇਡਾ ਇੰਸ਼ੋਰੈਂਸ ਬਿਊਰੋ ਦੇ ਅੰਕੜੇ ਦੱਸਦੇ ਹਨ ਕਿ 2009 ਵਿੱਚ ਸਭ ਤੋਂ ਵੱਧ ਚੋਰੀ ਹੋਈਆਂ ਕਾਰਾਂ ਹੌਂਡਾ ਸਿਵਿਕ, ਕੈਡਿਲੈਕ ਐਸਕਲੇਡ, ਐਕੁਰਾ ਆਰ. ਐੱਸ. ਐਕਸ., ਐਕੁਰਾ ਇੰਟੀਗਰਾ ਅਤੇ ਆਡੀ ਐੱਸ-4 ਕਵਾਟਰੋ ਸਨ।

ਪੁਲਸ ਸੂਤਰਾਂ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਮਾਂਟਰੀਅਲ ਸਥਿਤ ਵੱਡੇ ਸਥਾਪਿਤ ਸੰਗਠਿਤ ਅਪਰਾਧਿਕ ਗਿਰੋਹ ਹੀ ਚੋਰੀਆਂ ਕਰਦੇ ਹਨ। ਇਹ ਚੋਰੀ ਦਾ ਧੰਦਾ ਇੰਨਾ ਮੁਨਾਫ਼ੇ ਵਾਲਾ ਹੋ ਗਿਆ ਹੈ ਕਿ ਘੱਟ ਤਕਨੀਕੀ ਮੁਹਾਰਤ ਵਾਲੇ ਹੋਰ ਗੈਂਗ ਵੀ ਇਸ ਵਿੱਚ ਸ਼ਾਮਲ ਹੋ ਰਹੇ ਹਨ। ਕੈਨੇਡਾ ਵਿੱਚ ਚੋਰੀ ਕੀਤੀਆਂ ਕਾਰਾਂ ਅਕਸਰ ਮਾਂਟਰੀਅਲ ਦੀ ਬੰਦਰਗਾਹ ਤੋਂ ਬਾਹਰ ਭੇਜੀਆਂ ਜਾਂਦੀਆਂ ਹਨ। ਪੁਲਸ ਦਾ ਕਹਿਣਾ ਹੈ ਕਿ ਬੰਦਰਗਾਹ ਦੇ ਆਕਾਰ ਅਤੇ ਇਸ ਤੋਂ ਲੰਘਣ ਵਾਲੇ ਮਾਲ ਦੀ ਮਾਤਰਾ ਨੂੰ ਵੇਖਦਿਆਂ ਚੋਰੀ ਹੋਈਆਂ ਕਾਰਾਂ ਨੂੰ ਬਰਾਮਦ ਕਰਨਾ ਇੱਕ ਵੱਡੀ ਚੁਣੌਤੀ ਹੈ।

ਚੋਰ ਇਲੈਕਟ੍ਰਾਨਿਕ ਜਾਂ ਚਾਬੀ ਰਹਿਤ ਅਨਲਾਕਿੰਗ ਵਾਲੀਆਂ ਕਾਰਾਂ ਵੀ ਆਸਾਨੀ ਨਾਲ ਚੋਰੀ ਕਰ ਲੈਂਦੇ ਹਨ। ਚਾਬੀ ਰਹਿਤ ਕਾਰ ਦੀ ਚੋਰੀ ਛੋਟੀ ਦੂਰੀ ਦੀਆਂ ਰੇਡੀਓ ਤਰੰਗਾਂ ਦੀ ਵਰਤੋਂ ਕਰ ਕੇ ਕੀਤੀ ਜਾਂਦੀ ਹੈ। ਇਸ ਟੈਕਨਾਲੋਜੀ ਰਾਹੀਂ ਜਦੋਂ ਤੁਸੀਂ ਥੋੜ੍ਹੀ ਦੂਰੀ ਤੋਂ ਆਪਣੇ ਹੱਥ ਵਿਚ ਫੜੀ ‘ਕੀ ਰਿੰਗ’ ਦਾ ਬਟਨ ਦਬਾਉਂਦੇ ਹੋ ਤਾਂ ਇਹ ਤੁਹਾਡੀ ਕਾਰ ਵਿਚਲੇ ਰਿਸੀਵਰ ਨੂੰ ਸਿਗਨਲ ਭੇਜਦਾ ਹੈ, ਜਿਸ ਨਾਲ ਦਰਵਾਜ਼ੇ ਖੁੱਲ੍ਹ ਜਾਂਦੇ ਹਨ। ਚੋਰ ਇਨ੍ਹਾਂ ਸਿਗਨਲਾਂ ਨੂੰ ਹੀ ਹੈਕ ਕਰਨ ਲਈ ਤਕਨਾਲੋਜੀ ਦੀ ਵਰਤੋਂ ਕਰਦੇ ਹਨ। ਕਾਰ ਮਾਲਕਾਂ ਨੂੰ ਇਹੀ ਲੱਗਦਾ ਹੈ ਕਿ ਚਾਬੀ ਉਸ ਕੋਲ ਹੈ ਤੇ ਚੋਰੀ ਦਾ ਕੋਈ ਡਰ ਨਹੀਂ। ਚੋਰ ਇਸ ਦੌਰਾਨ ਕਾਰ ਦਾ ਤਾਲਾ ਖੋਲ੍ਹ ਕੇ ਉਸ ਨੂੰ ਸਟਾਰਟ ਕਰ ਸਕਦੇ ਹਨ। ਇਸ ਨੂੰ ‘ਰਿਲੇਅ ਅਟੈਕ’ ਵਜੋਂ ਜਾਣਿਆ ਜਾਂਦਾ ਹੈ।

ਪ੍ਰੋਵਿੰਸ਼ੀਅਲ ਕਾਰ ਜੈਕਿੰਗ ਜੁਆਇੰਟ ਟਾਸਕ ਫੋਰਸ (ਪੀ. ਸੀ. ਜੇ. ਟੀ. ਐੱਫ਼.) ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿੱਚ ਕੀਤੀ ਗਈ ਜਾਂਚ ਦੇ ਹਿੱਸੇ ਵਜੋਂ 18 ਅਕਤੂਬਰ ਨੂੰ ਟੋਰਾਂਟੋ ਖੇਤਰ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਟਾਸਕ ਫੋਰਸ ਦੇ ਅਧਿਕਾਰੀਆਂ ਨੇ ਪੀਲ ਅਤੇ ਡਰਹਮ ਖੇਤਰਾਂ ਵਿੱਚ ਦੋ ਚੋਰੀ ਕੀਤੇ ਵਾਹਨ ਬਰਾਮਦ ਕੀਤੇ। ਅਧਿਕਾਰੀਆਂ ਨੇ 21 ਸਾਲਾ ਅਜੈਕਸ ਵਾਸੀ ਰੋਸ਼ਵਿਨ ਕ੍ਰੌਫਟਨ, 26 ਸਾਲਾ ਸਕਾਰਬੋਰੋ ਨਿਵਾਸੀ ਧਸ਼ਾਂਤ ਅਤੇ ਪੰਜਾਬੀ ਮੂਲ ਦੇ 31 ਸਾਲਾ ਬਰੈਂਪਟਨ ਵਾਸੀ ਜਗਮੀਤ ਸਿੱਧੂ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਕੁੱਲ ਮਿਲਾ ਕੇ ਪਿਛਲੇ 7 ਮਹੀਨਿਆਂ ਵਿੱਚ ਪੁਲਸ ਨੇ 363 ਵਿਅਕਤੀਆਂ ਨੂੰ ਕਾਰ ਚੋਰੀ ਦੇ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ 138 ਪੰਜਾਬੀ ਮੂਲ ਦੇ ਹਨ। ਇਨ੍ਹਾਂ ’ਚੋਂ ਵਧੇਰੇ ਭਾਰਤ ਦੇ ਵਿਦਿਆਰਥੀ ਹਨ ਜੋ ਪੜ੍ਹਾਈ ਲਈ ਕੈਨੇਡਾ ਗਏ ਸਨ।

ਮੀਡੀਆ ਰਿਪੋਰਟਾਂ ਮੁਤਾਬਕ ਕੁਝ ਸਾਲ ਪਹਿਲਾਂ ਤੱਕ ਚੋਰੀ ਦੀਆਂ ਲਗਜ਼ਰੀ ਕਾਰਾਂ ਅਤੇ ਉਨ੍ਹਾਂ ਦੇ ਪਾਰਟਸ ਸਥਾਨਕ ਬਾਜ਼ਾਰ ’ਚ ਹੀ ਵੇਚੇ ਜਾਂਦੇ ਸਨ ਪਰ ਹੁਣ ਯੂਰਪੀ ਬਾਜ਼ਾਰ ’ਚ ਕਾਰਾਂ ਅਤੇ ਪਾਰਟਸ ਵੇਚੇ ਜਾ ਰਹੇ ਹਨ। ਇਕਵਿਟ ਐਸੋਸੀਏਸ਼ਨ ਦੇ ਮੁੱਖ ਕਾਰਜਕਾਰੀ ਟੈਰੀ ਓ ’ਬ੍ਰਾਇਨ ਦਾ ਕਹਿਣਾ ਹੈ ਕਿ ਚੋਰੀ ਹੋਈਆਂ ਕਾਰਾਂ ਅਕਸਰ ਯੂਰਪ ਵਿੱਚ ਪਹੁੰਚ ਜਾਂਦੀਆਂ ਹਨ। ਇੰਟਰਪੋਲ ਟ੍ਰੈਕਿੰਗ ਕਾਰਾਂ ਨੂੰ ਦੱਖਣੀ ਅਮਰੀਕਾ, ਅਫਰੀਕਾ ਜਾਂ ਆਸਟ੍ਰੇਲੀਆ ’ਚ ਪੁੱਜਾ ਦਰਸਾਉਂਦੀ ਹੈ। ਕਾਰਾਂ ਅਤੇ ਉਨ੍ਹਾਂ ਦੇ ਪਾਰਟਸ ਘਰੇਲੂ ਅਤੇ ਅੰਤਰਰਾਸ਼ਟਰੀ ਅਪਰਾਧਿਕ ਸੰਗਠਨਾਂ ਵਲੋਂ ਵੇਚੇ ਜਾਂਦੇ ਹਨ।
ਇਸ ਕਮਾਈ ਦੀ ਵਰਤੋਂ ਘਰੇਲੂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ, ਹਥਿਆਰਾਂ ਦੀ ਸਮੱਗਲਿੰਗ, ਮਨੁੱਖੀ ਸਮੱਗਲਿੰਗ ਅਤੇ ਅੰਤਰਰਾਸ਼ਟਰੀ ਅੱਤਵਾਦ ਲਈ ਕੀਤੀ ਜਾਂਦੀ ਹੈ। ਬੀਮਾ ਉਦਯੋਗ ਨੂੰ 2022 ਵਿੱਚ ਵਾਹਨ ਚੋਰੀ ਦੇ ਦਾਅਵਿਆਂ ਵਿੱਚ 1 ਬਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ, ਜੋ 2021 ਵਿੱਚ 700 ਮਿਲੀਅਨ ਡਾਲਰ ਤੋਂ ਵੱਧ ਹੈ। ਅੰਕੜਿਆਂ ਅਨੁਸਾਰ ਓਨਟਾਰੀਓ ਅਤੇ ਕਿਊਬਿਕ ’ਚ ਪਿਛਲੇ ਸਾਲ ਆਟੋ ਚੋਰੀਆਂ ’ਚ ਲਗਭਗ 50 ਪ੍ਰਤੀਸ਼ਤ ਵਾਧਾ ਹੋਇਆ ਹੈ। ਅਲਬਰਟਾ ’ਚ ਸਾਲਾਂ ਦੀ ਗਿਰਾਵਟ ਤੋਂ ਬਾਅਦ 18 ਫ਼ੀਸਦੀ ਵਾਧਾ ਹੋਇਆ ਹੈ। ਐਟਲਾਂਟਿਕ ਵਿੱਚ ਵੀ ਚੋਰੀ ਦੇ ਦਾਅਵਿਆਂ ਵਿੱਚ 34 ਫ਼ੀਸਦੀ ਦਾ ਵਾਧਾ ਹੋਇਆ ਹੈ।