- Updated: September 26, 2023 11:33 AM
ਇਕ ਸ਼ਰਮਨਾਕ ਘਟਨਾ ਵਿਚ ਕੈਨੇਡੀਅਨ ਸਰਕਾਰ ਨੇ ਹਿਟਲਰ ਸਮਰਥਕ ਸਾਬਕਾ ਫੌਜੀ ਨੂੰ ਸਨਮਾਨਿਤ ਕਰ ਦਿੱਤਾ। ਇਸ ਦੌਰਾਨ ਸਾਰੇ ਸੰਸਦ ਮੈਂਬਰਾਂ ਨੇ ਖੜ੍ਹੇ ਹੋ ਕੇ ਸਮਰਥਕ ਦਾ ਸਵਾਗਤ ਕੀਤਾ। ਹਾਲਾਂਕਿ, ਜਦੋਂ ਬਾਅਦ ਵਿਚ ਇਹ ਖੁਲਾਸਾ ਹੋਇਆ ਕਿ ਜੰਗੀ ਨਾਇਕ ਵਜੋਂ ਸਨਮਾਨਿਤ ਵਿਅਕਤੀ ਹਿਟਲਰ ਸਮਰਥਕ ਸੀ ਤਾਂ ਹੰਗਾਮਾ ਹੋਇਆ ਅਤੇ ਸਰਕਾਰ ਨੂੰ ਮੁਆਫੀ ਮੰਗਣੀ ਪਈ।
ਤੁਹਾਨੂੰ ਦੱਸ ਦੇਈਏ ਕਿ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਹਾਲ ਹੀ ਵਿਚ ਕੈਨੇਡਾ ਦਾ ਦੌਰਾ ਕੀਤਾ ਸੀ। ਇਸ ਦੌਰਾਨ ਜ਼ੇਲੇਂਸਕੀ ਨੇ ਕੈਨੇਡਾ ਦੀ ਸੰਸਦ ਨੂੰ ਵੀ ਸੰਬੋਧਨ ਕੀਤਾ। ਜ਼ੇਲੇਂਸਕੀ ਦੇ ਸੰਸਦ ਨੂੰ ਸੰਬੋਧਨ ਦੌਰਾਨ, ਦੂਜੇ ਵਿਸ਼ਵ ਯੁੱਧ ਦੇ ਸਾਬਕਾ ਫੌਜੀ ਯਾਰੋਸਲਾਵ ਲਿਊਬਕਾ ਨੂੰ ਯੂਕ੍ਰੇਨੀ ਨਾਇਕ ਵਜੋਂ ਸਨਮਾਨਿਤ ਕੀਤਾ ਗਿਆ।
ਫ੍ਰੈਂਡਜ਼ ਆਫ ਸਾਈਮਨ ਵਾਈਸੈਂਥਲ ਸੈਂਟਰ ਨੇ ਐਤਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਅਜਿਹੇ ਸਮੇਂ ਜਦੋਂ ਦੁਨੀਆ ਭਰ ਵਿਚ ਯਹੂਦੀ ਵਿਰੋਧ ਵਧ ਰਿਹਾ ਹੈ ਅਤੇ ਹੋਲੋਕਾਸਟ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਜਾਂਦਾ ਹੈ, ਇਹ ਬਹੁਤ ਚਿੰਤਾਜਨਕ ਹੈ ਕਿ ਸੰਸਦ ਵਿਚ ਨਾਜ਼ੀ ਫੌਜ ’ਚ ਸੇਵਾ ਕਰਨ ਵਾਲੇ ਮੈਂਬਰ ਦਾ ਸਨਮਾਨ ਕੀਤਾ ਗਿਆ। ਆਲੋਚਨਾ ਕਾਰਨ ਕੈਨੇਡਾ ਦੀ ਸੰਸਦ ਦੇ ਸਪੀਕਰ ਨੇ ਐਤਵਾਰ ਨੂੰ ਇਸ ਘਟਨਾ ’ਤੇ ਮੁਆਫੀ ਮੰਗੀ।